
ਮੋਗਾ, 17 ਜਨਵਰੀ (ਅਮਜਦ ਖ਼ਾਨ),(PLCTV):- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਤੇ ਬਲਕਰਨ ਸਿੰਘ ਢਿੱਲੋਂ ਦੀ ਸਮੂਹ ਜਿਲ੍ਹਾ ਟੀਮ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਜੀਰਾ ਵਾਸੀਆਂ ਤੇ ਕਿਸਾਨ ਯੂਨੀਅਨਾਂ ਦੀ ਮਿਹਨਤ ਨੂੰ ਬੂਰ ਪਿਆ, ਜਦੋਂ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕਿਸੇ ਵੀ ਕੀਮਤ ਤੇ ਪੰਜਾਬ ਦੇ ਪਾਣੀ ਤੇ ਹਵਾ ਨੂੰ ਪ੍ਰਦੂਸ਼ਿਤ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਆਪਣੇ ਕਨੂੰਨੀ ਤੇ ਵਾਤਾਵਰਣ ਮਾਹਿਰਾਂ ਨਾਲ ਸਲਾਹ ਮਸ਼ਵਰਾ ਕੀਤਾ ਅਤੇ ਜੀਰੇ ਸਥਿਤ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦਾ ਐਲਾਨ ਕੀਤਾ ਅਤੇ ਕਿਹਾ ਕਿ ਜੇਕਰ ਕੋਈ ਸਰਕਾਰ ਦੁਆਰਾ ਬਣਾਏ ਕਨੂੰਨ ਦੀ ਉਲੰਘਣਾ ਕਰੇਗਾ, ਉਹ ਕਿੰਨਾ ਵੀ ਰਸੂਖਦਾਰ ਹੋਵੇ, ਉਹ ਬਖਸ਼ਿਆ ਨਹੀਂ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਮੋਗਾ ਦੇ ਸਮੂਹ ਅਹੁਦੇਦਾਰਾਂ ਨੇ ਇਸ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਫੈਸਲੇ ਨਾਲ ਉਨ੍ਹਾਂ ਲੋਕਾਂ ਨੂੰ ਨਸੀਹਤ ਮਿਲ ਜਾਵੇਗੀ, ਜੋ ਪੰਜਾਬ ਦਾ ਵਾਤਾਵਰਣ ਤੇ ਪਾਣੀ ਦੂਸ਼ਿਤ ਕਰ ਰਹੇ ਹਨ।
