
ਮੋਗਾ, 17 ਜਨਵਰੀ (ਅਮਜਦ ਖ਼ਾਨ),(PLCTV):- ਪਾਵਰਕਾਮ ਐਂਡ ਟ੍ਰਾਸਕੋ ਠੇਕਾ ਮੁਲਾਜਮ ਯੂਨੀਅਨ ਡਵੀਜ਼ਨ ਵੱਲੋਂ ਅੱਜ ਆਪਣੇ-ਆਪਣੇ ਸਹਾਇਕ ਕਾਰਜਕਾਰੀ ਇੰਜੀਨੀਅਰ ਦੇ ਦਫ਼ਤਰਾਂ ਅੱਗੇ ਸੀਐੱਚਬੀ ਮੁਲਾਜਮਾਂ ਵੱਲੋਂ ਧਰਨਾ ਲਗਾਇਆ ਗਿਆ। ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਡਵੀਜ਼ਨ ਪ੍ਰਧਾਨ ਨਿਸ਼ਾਨ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਿੱਜੀਕਰਨ ਦੀ ਨੀਤੀ ਤਹਿਤ ਭਰਤੀ ਕਰਕੇ ਨਿਗੁਣੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ ਤੇ ਉਹ ਤਨਖਾਹਾਂ ਵੀ ਸਮੇਂ-ਸਿਰ ਨਹੀਂ ਦਿੱਤੀਆਂ ਜਾ ਰਹੀਆਂ। ਉਨ੍ਹਾਂ ਕਿਹਾ ਕਿ ਫਰੀਦਕੋਟ ਸਰਕਲ ਵਿਖੇ ਬਿਜਲੀ ਬੋਰਡ ਵਿਚ ਸੀ. ਐੱਚ. ਬੀ. ਮੁਲਾਜਮਾਂ ਦੀ ਗਿਣਤੀ ਤਿੰਨ ਸੋ ਦੇ ਕਰੀਬ ਹੈ ਅਤੇ ਅਲੱਗ-ਅਲੱਗ ਕੰਪਨੀਆਂ ਵੱਲੋਂ ਇਨ੍ਹਾਂ ਕਾਮਿਆਂ ਦਾ ਸੋਸ਼ਣ ਕੀਤਾ ਜਾ ਰਿਹਾ ਹੈ ਅਤੇ ਸਮੇਂ-ਸਿਰ ਤਨਖਾਹਾਂ ਵੀ ਨਹੀਂ ਦਿੱਤੀਆਂ ਜਾਂਦੀਆਂ ਅਤੇ ਨਾ ਹੀ ਸਰਕਾਰ ਵੱਲੋਂ ਵਧੇ ਮਿਨੀਮਮ ਵੇਜਿਜ਼ ਰੇਟ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜੇ ਤੱਕ 01/09/ 2019 ਤੋਂ 31/07/2021 ਤੱਕ ਦਾ 22 ਮਹੀਨੇ ਦਾ ਬਕਾਇਆ ਵੀ ਨਹੀਂ ਗਿਆ। ਇਨ੍ਹਾਂ ਮੰਗਾਂ ਬਾਰੇ ਕਈ ਵਾਰ ਉੱਚ ਅਧਿਕਾਰੀਆਂ ਨੂੰ ਲਿਖਤੀ ਤੌਰ ਤੇ ਮੰਗ ਪੱਤਰ ਦਿੱਤੇ ਗਏ, ਪਰ ਉਨ੍ਹਾਂ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਕਰਕੇ ਮਜਬੂਰਨ ਡਵੀਜ਼ਨ ਦੇ ਸਬ-ਡਵੀਜ਼ਨ ਅੱਗੇ ਧਰਨਾ ਲਗਾਇਆ ਗਿਆ ਹੈ, ਜੇਕਰ ਪਾਵਰਕਾਮ ਦੀ ਮੈਨੇਜਮੈਂਟ ਸਾਡੀ ਗੱਲ ਨਹੀਂ ਸੁਣਦੀ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
