
ਮੋਗਾ, 17 ਜਨਵਰੀ (ਅਮਜਦ ਖ਼ਾਨ),(PLCTV):- ਜਿਲ੍ਹੇ ਦੇ ਪਿੰਡ ਬੁੱਟਰ ਕਲਾਂ ਵਿਖੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਨੌਜਵਾਨ ਨੂੰ ਰਸਤੇ ’ਚ ਘੇਰ ਕੇ ਉਸ ਨੂੰ ਬੁਰੀ ਤਰ੍ਹਾਂ ਮਾਰਕੁੱਟ ਕਰਕੇ ਜ਼ਖਮੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਉਣਾ ਪਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬੱਧਨੀ ਕਲਾਂ ਦੇ ਸਹਾਇਕ ਥਾਣੇਦਾਰ ਪ੍ਰੀਤਮ ਸਿੰਘ ਨੇ ਦੱਸਿਆ ਕਿ ਹਸਪਤਾਲ ’ਚ ਜੇਰੇ ਇਲਾਜ ਪਿੰਡ ਬੁੱਟਰ ਕਲਾਂ ਦੇ ਵਸਨੀਕ ਮਨਪ੍ਰੀਤ ਸਿੰਘ (22) ਨੇ ਕਿਹਾ ਕਿ ਉਹ ਆਪਣੇ ਦੋ ਦੋਸਤਾਂ ਲਵਪ੍ਰੀਤ ਸਿੰਘ ਅਤੇ ਕੁਲਦੀਪ ਸਿੰਘ ਨਾਲ ਆਪਣੇ ਮੋਟਰ ਸਾਈਕਲ ਤੇ ਪਿੰਡ ਤਖਾਣਵੱਧ ਤੋਂ ਬੁੱਟਰ ਕਲਾਂ ਆ ਰਹੇ ਸੀ ਤਾਂ ਰਸਤੇ ’ਚ ਲਵਪ੍ਰੀਤ ਸਿੰਘ, ਆਕਾਸ਼, ਮਨੀ, ਬਬਲੂ ਵਾਸੀ ਪਿੰਡ ਬੁੱਟਰ, ਹਰਮਨ ਸਿੰਘ ਵਾਸੀ ਰਾਉਂਕੇ ਕਲਾਂ ਅਤੇ ਉਨ੍ਹਾਂ ਨਾਲ 6-7 ਅਣਪਛਾਤੇ ਵਿਅਕਤੀ ਆਏ, ਜਿਨ੍ਹਾਂ ਕੋਲ ਤੇਜ਼ਧਾਰ ਹਥਿਆਰ ਸਨ ਅਤੇ ਸਾਨੂੰ ਰਸਤੇ ’ਚ ਘੇਰ ਕੇ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ। ਸਾਡੇ ਵੱਲੋਂ ਰੌਲਾ ਪਾਉਣ ਤੇ ਸਾਰੇ ਦੋਸ਼ੀ ਫਰਾਰ ਹੋ ਗਏ। ਉਕਤ ਦੋਸ਼ੀਆਂ ਵੱਲੋਂ ਪੁਰਾਣੀ ਰੰਜਿਸ਼ ਨੂੰ ਲੈ ਕੇ ਮਾਰਕੁੱਟ ਕੀਤੀ ਗਈ ਹੈ। ਪੁਲਿਸ ਨੇ ਜ਼ਖਮੀ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਸਾਰੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ।
