
ਮੋਗਾ, 16 ਜਨਵਰੀ (ਅਮਜਦ ਖ਼ਾਨ/ਕੁਲਵਿੰਦਰ ਸਿੰਘ),(PLCTV):- ਸਥਾਨਕ ਨੇਚਰ ਪਾਰਕ ਵਿਖੇ ਹਲਕਾ ਵਿਧਾਇਕਾ ਡਾ. ਅਮਨਦੀਪ ਕੌਰ ਅਤੇ ਕੌਂਸਲਰ ਗੁਰਪ੍ਰੀਤ ਸਿੰਘ ਸੱਚਦੇਵਾ ਦੀ ਅਗਵਾਈ ਹੇਠ ‘ਲੋਹੜੀ ਧੀਆਂ ਦੀ’ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਵਿਧਾਇਕਾ ਡਾ. ਅਮਨਦੀਪ ਕੌਰ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਧੀਆਂ ਦੀ ਹਰ ਖੇਤਰ ਵਿਚ ਮੋਹਰੀ ਭੂਮਿਕਾ ਰਹੀ ਹੈ। ਧੀਆਂ ਪੜ੍ਹਾਈ, ਨੌਕਰੀ ਪੇਸ਼ਾ, ਸੈਨਿਕ ਸੇਵਾਵਾਂ, ਪੁਲਾੜ ਵਿਗਿਆਨ, ਹਵਾਈ ਉਡਾਨ ਆਦਿ ਹਰ ਖੇਤਰ ਵਿਚ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ‘ਬੇਟੀ ਬਚਾਓ-ਬੇਟੀ ਪੜ੍ਹਾਉ’ ਦੇ ਨਾਅਰੇ ’ਤੇ ਅਮਲ ਕਰਨ ਲਈ ਜਾਗਰੂਕਤਾ ਦੇ ਉਦੇਸ਼ ਨਾਲ ‘ਲੋਹੜੀ ਧੀਆਂ ਦੀ’ ਵਰਗੇ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ, ਜੋ ਕਿ ਧੀਆਂ ਲਈ ਬਰਾਬਰਤਾ ਦਾ ਸੁਨੇਹਾ ਦਿੰਦੇ ਹਨ। ਇਸ ਮੌਕੇ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਲੋਹੜੀ ਦੇ ਤਿਉਹਾਰ ਦਾ ਪੁਰਾਤਨ ਇਤਿਹਾਸ ਦੱਸਣ ਵਾਲੀ ਦਵਿੰਦਰ ਕੌਰ ਅਤੇ ਲੋਹੜੀ ਦੇ ਤਿਉਹਾਰ ਸਬੰਧੀ ਪੁੱਛੇ ਗਏ ਸਵਾਲਾਂ ਦੇ ਸਹੀ ਜਵਾਬ ਦੇਣ ਲਈ ਸਰਗੁਣ ਕੌਰ ਨੂੰ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
