
ਬਾਘਾ ਪੁਰਾਣਾ, 13 ਜਨਵਰੀ (ਸੰਦੀਪ ਬਾਘੇਵਾਲੀਆ),(PLCTV):- ਭਾਰਤ ਸਰਕਾਰ ਦੇ ਰੱਖਿਆ ਵਿਭਾਗ ਵੱਲੋਂ ਫੌਜ ਵਿੱਚ ਡਿਊਟੀ ਕਰਦੇ ਸਿੱਖ ਫੌਜੀਆਂ ਨੂੰ ਲੋਹ ਟੋਪ ਪਹਿਣਾਉਣ ਦੀ ਬਣਾਈ ਗਈ ਨਵੀ ਨੀਤੀ ਬਿਲਕੁਲ ਗਲਤ ਹੈ ਅਤੇ ਇਹ ਸਿੱਖ ਧਰਮ ਦੇ ਅਸੂਲਾਂ ਦੇ ਵੀ ਉਲਟ ਹੈ। ਇਸ ਸਿੱਧਾ ਸਿੱਖਾਂ ਦੀ ਭਾਵਨਾਵਾਂ ਨਾਲ ਖਿਲਵਾੜ ਹੈ, ਇੰਨ੍ਹਾਂ ਵਿਚਾਰਾਂ ਦਾ ਪ੍ਰ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਖੋਸਾ ਪੰਜਾਬ ਦੇ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ, ਫਤਹਿ ਸਿੰਘ ਕੋਟਕਰੋੜ ਸੀਨੀ: ਮੀਤ ਪ੍ਰਧਾਨ ਪੰਜਾਬ, ਗੁਰਦਰਸ਼ਨ ਸਿੰਘ ਕਾਲੇਕੇ ਸੀਨੀਅਰ ਮੀਤ ਪ੍ਰਧਾਨ ਪੰਜਾਬ, ਅਮਰ ਸਿੰਘ ਸਲੀਣਾ ਸੀਨੀਅਰ ਮੀਤ ਪ੍ਰਧਾਨ ਪੰਜਾਬ, ਸੁਖਮੰਦਰ ਸਿੰਘ ਉਗੋਕੇ ਜਿਲਾ ਪ੍ਰਧਾਨ ਮੋਗਾ, ਸੁਰਜੀਤ ਸਿੰਘ ਵਿਰਕ ਬਲਾਕ ਪ੍ਰਧਾਨ ਬਾਘਾਪੁਰਾਣਾ ਨੇ ਸਾਝੇ ਤੌਰ ਤੇ ਕੀਤਾ । ਉਕਤ ਆਗੂਆਂ ਨੇ ਕਿਹਾ ਕਿ ਦਸਤਾਰ ਸਿੱਖਾਂ ਦੀ ਵੱਖਰੀ ਪਹਿਚਾਣ ਦਾ ਚਿੰਨ ਹੈ ਇਸ ਨੂੰ ਕਿਸੇ ਵੀ ਕੀਮਤ ਤੇ ਉਤਾਰਣ ਨਹੀ ਦਿੱਤਾ ਜਾਵੇਗਾ।ਦਸਤਾਰ ਸਿੱਖ ਦੇ ਸਿਰ ਦਾ ਤਾਜ ਹੁੰਦੀ ਹੈ। ਇਸੇ ਦਸਤਾਰ ਨੂੰ ਸਿਰ ਤੇ ਸਜਾ ਕੇ ਹੀ ਸਿੱਖ ਫੌਜ ਨੇ ਸਰਾਗੜੀ ਤੋਂ ਇਲਾਵਾ ਪਾਕਿਸਤਾਨ ਨਾਲ ਲੜਾਈਆਂ ਲੜੀਆਂ ਅਤੇ ਜਿੱਤਾਂ ਪ੍ਰਾਪਤ ਕੀਤੀਆਂ ਹਨ।ਦਸਤਾਰ ਸਜਾ ਕੇ ਇੱਕ ਸਿੱਖ ਫੌਜੀ ਦੁਸ਼ਮਣ ਦੇ ਹਜਾਰਾਂ ਫੌਜੀਆਂ ਤੇ ਭਾਰੂ ਪੈਦਾ ਹੈ। ਇਸ ਵਾਸਤੇ ਕੇਦਰ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ।ਦਸਤਾਰ ਸਿੱਖ ਕੌਮ ਦੀ ਸ਼ਾਨ ਅਤੇ ਚੜਦੀ ਕਲਾ ਦਾ ਪ੍ਰਤੀਕ ਹੈ। ਪਰ ਕੇਦਰ ਸਰਕਾਰ ਵੱਲੋਂ ਸਿੱਖਾਂ ਦੀ ਦੁਨੀਆਂ ਭਰ ਵਿੱਚ ਬਣੀ ਹੋਈ ਬਾਦਸਾਹਿਤ ਸ਼ਾਨ ਨੂੰ ਖਤਮ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ, ਜੋ ਕਿ ਬਰਦਾਸ਼ਿਤ ਤੋਂ ਬਾਹਰ ਹਨ। ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਿਤ ਨਹੀ ਕੀਤਾ ਜਾ ਸਕਦਾ ।ਇਸ ਵਾਸਤੇ ਉਹ ਕੇਦਰ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਉਹ ਇਸ ਤੇ ਤੁਰੰਤ ਗੌਰ ਕਰੇ ਅਤੇ ਇਹ ਫੈਸਲਾ ਤੁਰੰਤ ਵਾਪਸ ਲਿਆ ਜਾਵੇ।
