
Moga, November 25 (Amjad Khan),(PLCTV):- ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਦੀਆਂ ਗਤੀਵਿਧੀਆਂ ਦੀ ਲੜੀ ਵਿੱਚ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਵੱਲੋਂ ਬਲਾਕ ਅਜੀਤਵਾਲ ਦੇ ਪਿੰਡ ਕੋਕਰੀ ਕਲਾਂ ਵਿਖੇ ਬਲਾਕ ਪੱਧਰੀ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ, ਜਿਸ ਵਿੱਚ ਬੇਰੋਜ਼ਗਾਰ ਨੌਜਵਾਨਾਂ ਨੇ ਬੜੀ ਹੀ ਉਤਸ਼ਾਹਪੂਰਵਕ ਹਿੱਸਾ ਲਿਆ,ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਫ਼ਸਰ ਮੋਗਾ ਸ੍ਰੀਮਤੀ ਪਰਮਿੰਦਰ ਕੌਰ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਆਰਤੀ ਇੰਟਰਨੈਸ਼ਨਲ ਕੰਪਨੀ ਲੁਧਿਆਣਾ ਅਤੇ ਸਤਿਨ ਕ੍ਰੈਡਿਟ ਕੇਅਰ ਨੈਟਵਰਕਿੰਗ ਲਿਮ. ਕੰਪਨੀ ਵੱਲੋਂ ਹਿੱਸਾ ਲੈ ਕੇ ਮਸ਼ੀਨ ਆਪ੍ਰੇਟਰ ਅਤੇ ਫੀਲਡ ਬੋਆਏਜ਼ ਦੀਆਂ ਆਸਾਮੀਆਂ ਲਈ ਨੌਜਵਾਨਾਂ ਦੀ ਇੰਟਰਵਿਊ ਲਈ ਗਈ।
ਪਲੇਸਮੈਂਟ ਕੈਂਪ ਵਿੱਚ 123 ਬੇਰੋਜ਼ਗਾਰਾਂ ਨੇ ਸ਼ਮੂਲੀਅਤ ਕੀਤੀ, ਜਿਸ ਵਿੱਚੋਂ 97 ਨੌਜਵਾਨਾਂ ਦੀ ਮੌਕੇ ਉੱਪਰ ਹੀ ਇੰਟਰਵਿਊ ਜਰੀਏ ਰੋਜ਼ਗਾਰ ਲਈ ਚੋਣ ਕਰ ਲਈ ਗਈ। ਉਨ੍ਹਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਆਪਣੀ ਯੋਗਤਾ ਅਨੁਸਾਰ ਉਪਲੱਬਧ ਨੌਕਰੀਆਂ ਕਰਨ ਅਤੇ ਸਵੈ-ਰੋਜ਼ਗਾਰ ਦੇ ਕਿੱਤਿਆਂ ਨੂੰ ਅਪਣਾਉਣ ਸਬੰਧੀ ਪ੍ਰੇਰਿਤ ਕੀਤਾ ਗਿਆ ਤਾਂ ਜੋ ਨੌਜਵਾਨ ਨਸ਼ਿਆਂ ਨੂੰ ਛੱਡ ਕੇ ਆਪਣਾ ਭਵਿੱਖ ਬਣਾ ਸਕਣ। ਸ੍ਰੀਮਤੀ ਪਰਮਿੰਦਰ ਕੌਰ ਨੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਰੋਜ਼ਗਾਰ ਦਫ਼ਤਰਾਂ ਨਾਲ ਜੁੜ ਕੇ ਅਜਿਹੇ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਨੂੰ ਯਕੀਨੀ ਬਣਾਉਣ ਕਿਉਂਕਿ ਇਨ੍ਹਾਂ ਕੈਂਪਾਂ ਜਰੀਏ ਬੇਰੋਜ਼ਗਾਰ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਰੋਜ਼ਗਾਰ ਲੱਭਣ ਦੇ ਅਨੇਕਾਂ ਅਵਸਰ ਪ੍ਰਦਾਨ ਕਰਵਾਏ ਜਾਂਦੇ ਹਨ।
