
ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਦੀ ਹਾਜ਼ਰੀ ’ਚ
ਵਿਧਾਇਕਾਂ ਨੇ 55 ਸਿਪਾਹੀਆਂ ਨੂੰ ਵੰਡੇ ਨਿਯੁਕਤੀ ਪੱਤਰ
ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਨੇ ਪੰਜਾਬ ਨੂੰ ਨਸ਼ੇ ਅਤੇ ਅਪਰਾਧ ਤੋਂ
ਮੁਕਤ ਕਰਨ ’ਚ ਯੋਗਦਾਨ ਪਾਉਣ ਦਾ ਦਿੱਤਾ ਸੱਦਾ
ਮੋਗਾ, 23 ਅਗਸਤ (ਅਮਜਦ ਖ਼ਾਨ/ਜਸਵਿੰਦਰ ਸਿੰਘ):- ਅੱਜ ਜ਼ਿਲ੍ਹਾ ਪੁਲਿਸ ਮੋਗਾ ਵਿੱਚ 55 ਸਿਪਾਹੀਆਂ ਦੀ ਭਰਤੀ ਕੀਤੀ ਗਈ ਜਿਨ੍ਹਾਂ ਨੂੰ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਹਲਕਾ ਮੋਗਾ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ, ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ (ਲਾਡੀ ਢੋਸ) ਵੱਲੋਂ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ੍ਰ ਗੁਲਨੀਤ ਸਿੰਘ ਖੁਰਾਣਾ ਦੀ ਹਾਜ਼ਰੀ ਵਿੱਚ ਨਿਯੁਕਤੀ ਪੱਤਰ ਵੰਡੇ ਗਏ।
ਸਥਾਨਕ ਮੈਰਿਜ ਪੈਲੇਸ ਵਿਖੇ ਕਰਵਾਏ ਗਏ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਵਿਧਾਇਕਾ ਡਾ. ਮਨਦੀਪ ਕੌਰ ਅਰੋੜਾ ਅਤੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਨੇ ਨੌਜਵਾਨਾਂ ਨੂੰ ਕਿਹਾ ਕਿ ਪੰਜਾਬ ਸਰਕਾਰ ਨੇ ਹਰੇਕ ਵਰਗ ਦੀ ਭਲਾਈ ਲਈ ਇਕ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਇਸੇ ਤਹਿਤ ਹੀ ਇਹਨਾਂ ਨੌਜਵਾਨਾਂ ਨੂੰ ਅੱਜ ਨਿਯੁਕਤੀ ਪੱਤਰ ਸੌਂਪੇ ਗਏ ਹਨ। ਉਹਨਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਆਪਣੇ ਚੋਣ ਵਾਅਦੇ ਮੁਤਾਬਿਕ ਪਹਿਲੀ ਕੈਬਨਿਟ ਮੀਟਿੰਗ ਵਿਚ 26 ਹਜ਼ਾਰ ਤੋਂ ਵਧੇਰੇ ਆਸਾਮੀਆਂ ਕੱਢਣ ਦਾ ਐਲਾਨ ਕੀਤਾ ਸੀ। ਇਸ ਤੋਂ ਇਲਾਵਾ ਹਜ਼ਾਰਾਂ ਹੋਰ ਅਸਾਮੀਆਂ ਭਰੀਆਂ ਜਾ ਰਹੀਆਂ ਹਨ।
ਆਂਗਣਵਾੜੀ ਵਰਕਰਾਂ ਦੀ ਭਰਤੀ ਵੀ ਕੀਤੀ ਜਾਵੇਗੀ। ਉਹਨਾਂ ਨਵੇਂ ਭਰਤੀ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਵਧੀਆ ਸਿਖਲਾਈ ਲੈਣ ਤਾਂ ਜੌ ਹਰ ਇਮਤਿਹਾਨ ਦਾ ਸਾਹਮਣਾ ਕਰਨ ਵਿੱਚ ਕੋਈ ਵੀ ਮੁਸ਼ਕਿਲ ਪੇਸ਼ ਨਾ ਆਵੇ। ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਅਤੇ ਐੱਸ ਐੱਸ ਪੀ ਸ੍ਰ ਗੁਲਨੀਤ ਸਿੰਘ ਨੇ ਨਵੇਂ ਭਰਤੀ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਲੋਕਾਂ ਵਿਚ ਪੁਲਿਸ ਦੀ ਛਵੀ ਨੂੰ ਚੰਗਾ ਬਣਾਉਣ ਦੀ ਵੱਡੀ ਜਿਮੇਵਾਰੀ ਉਹਨਾਂ ਦੇ ਸਿਰ ਹੈ, ਇਸ ਨੂੰ ਚੰਗੀ ਤਰ੍ਹਾਂ ਨਿਭਾਇਆ ਜਾਵੇ।
ਲੋਕਾਂ ਨਾਲ ਨੇੜਤਾ ਬਣਾਓ ਅਤੇ ਉਹਨਾਂ ਦਾ ਵਿਸ਼ਵਾਸ਼ ਜਿੱਤੋ। ਉਹਨਾਂ ਕਿਹਾ ਕਿ ਡਿਊਟੀ ਨੂੰ ਬਹੁਤ ਹੀ ਤਨਦੇਹੀ ਨਾਲ ਕਰਨਾ ਚਾਹੀਦਾ ਹੈ। ਨਸ਼ੇ ਅਤੇ ਭਰਿਸ਼ਟਾਚਾਰ ਨੂੰ ਨੱਥ ਪਾਉਣੀ ਹੈ। ਉਹਨਾਂ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਅੱਜ ਭਰਤੀ ਕੀਤੇ ਗਏ ਕੁੱਲ 4358 ਸਿਪਾਹੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ। ਜਿਨ੍ਹਾਂ ਵਿਚੋਂ 55 ਸਿਪਾਹੀਆਂ ਦੀ ਨਿਯੁਕਤੀ ਜ਼ਿਲ੍ਹਾ ਮੋਗਾ ਵਿੱਚ ਕੀਤੀ ਗਈ ਹੈ। ਇਹਨਾਂ ਵਿੱਚ 38 ਪੁਰਸ਼ ਅਤੇ 17 ਔਰਤਾਂ ਸ਼ਾਮਿਲ ਹਨ। ਇਸ ਮੌਕੇ ਆਪ ਦੇ ਜ਼ਿਲ੍ਹਾ ਪ੍ਰਧਾਨ ਹਰਮਨਜੀਤ ਸਿੰਘ ਬਰਾੜ ਅਤੇ ਹੋਰ ਵੀ ਹਾਜ਼ਰ ਸਨ।
