ਦੇਸ਼ ਵੰਡ ਸਮੇ ਮਾਰੇ ਗਏ ਲੋਕਾਂ ਦੀ ਯਾਦ ‘ਚ ਕਵੀ ਦਰਬਾਰ ਅਤੇ ਸੱਤਿਆ ਪ੍ਰਕਾਸ਼ ਉੱਪਲ ਦਾ ਸਨਮਾਨ

0
40
ਦੇਸ਼ ਵੰਡ ਸਮੇ ਮਾਰੇ ਗਏ ਲੋਕਾਂ ਦੀ ਯਾਦ ‘ਚ ਕਵੀ ਦਰਬਾਰ ਅਤੇ ਸੱਤਿਆ ਪ੍ਰਕਾਸ਼ ਉੱਪਲ ਦਾ ਸਨਮਾਨ

PLCTV:-


ਮੋਗਾ, 17 ਅਗਸਤ (ਅਮਜਦ ਖ਼ਾਨ):- “ਦੇਸ਼ ਦੀ ਆਜਾਦੀ ਸਮੇ ਖਿੱਤੇ ਦੀ ਹੀ ਵੰਡ ਨਹੀਂ ਹੋਈ ਸਗੋਂ ਸਾਜਿਸ਼ ਤਹਿਤ ਸਦੀਆਂ ਤੋਂ ਇਕੱਠੇ ਰਹਿ ਰਹੇ ਭਾਈਚਾਰੇ ਨੂੰ ਵੀ ਵੰਡ ਦਿੱਤਾ ਗਿਆ ਸੀ। ਮਨੁੱਖਾਂ ਅੰਦਰਲਾ ਪਾਗਲਪਣ ਬਾਹਰ ਆ ਕੇ ਦਨਦਨਾਉਣ ਲੱਗਾ ਜਿਸ ਕਰਕੇ ਸਰਹੱਦ ਦੇ ਦੋਵੇਂ ਪਾਸੇ ਲੱਖਾਂ ਬੇਗੁਨਾਹ ਲੋਕ ਮਾਰੇ ਗਏ ਤੇ ਕਰੋੜਾਂ ਲੋਕਾਂ ਨੂੰ ਉਜਾੜੇ ਦੀ ਮਾਰ ਝੱਲਣੀ ਪਈ। ਇਹ ਇਕ ਨਾਸੂਰ ਹੈ ਜੋ ਸਦੀਆਂ ਤੱਕ ਰਿਸਦਾ ਰਹੇਗਾ।“ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਨਾਮਵਰ ਸ਼ਾਇਰ ਅਤੇ ਚਿੰਤਕ ਹਰਮੀਤ ਵਿਦਿਆਰਥੀ ਨੇ 1947 ਦੀ ਵੰਡ ਸਮੇਂ ਮਾਰੇ ਗਏ ਲੱਖਾਂ ਪੰਜਾਬੀਆਂ ਦੀ ਯਾਦ ਨੂੰ ਸਮਰਪਿਤ ਕਵੀ ਦਰਬਾਰ ਦੌਰਾਨ ਕੀਤਾ।

ਇਹ ਕਵੀ ਦਰਬਾਰ ਮਹਿੰਦਰ ਸਾਥੀ ਯਾਦਗਾਰੀ ਮੰਚ ਮੋਗਾ ਵਲੋਂ ਸੁਤੰਤਰਤਾ ਸੰਗਰਾਮੀ ਭਵਨ ਮੋਗਾ ‘ਚ ਕਰਵਾਇਆ ਗਿਆ ਸੀ। ਪ੍ਰਸਿੱਧ ਨੌਜਵਾਨ ਆਲੋਚਕ ਡਾ. ਗੁਰਜੀਤ ਸੰਧੂ ਨੇ ਬੜੇ ਭਾਵਕ ਸ਼ਬਦਾਂ ਵਿਚ ਉਜਾੜੇ ਦੇ ਦਰਦ ਨੂੰ ਬਿਆਨ ਕੀਤਾ। ਉਹਨਾਂ ਪੰਜਾਬੀਆਂ ਨੂੰ ਆਗਾਹ ਕੀਤਾ ਕਿ ਉਹ ਆਪਣੇ ਅੰਦਰਲੀ ਸੰਵੇਦਨਾ ਨੂੰ ਜਿਉਂਦੀ ਰੱਖਣ। ਉਹਨਾਂ ਦੁੱਖ ਜਾਹਰ ਕੀਤਾ ਕਿ ਸਾਡੀ ਸੰਵੇਦਨਾ ਇਸ ਕਦਰ ਮਰ ਰਹੀ ਹੈ ਕਿ ਅਸੀਂ ਕਦੋਂ ਵੀ ਸੰਤਾਲੀ ਦੁਹਰਾਉਣ ਦੇ ਰਾਹ ‘ਤੇ ਚੱਲ ਸਕਦੇ ਹਾਂ। ਮੰਚ ਦੇ ਪ੍ਰਧਾਨ ਗੁਰਮੀਤ ਕੜਿਆਲਵੀ ਨੇ ਵੰਡ ਬਾਰੇ ਲਿਖੀਆਂ ਗਈਆਂ ਵੱਖ ਵੱਖ ਰਚਨਾਵਾਂ ਦਾ ਜਕਿਰ ਕਰਦਿਆਂ ਕਿਹਾ ਕਿ ਇਸ ਵੱਡੇ ਦੁਖਾਂਤ ਬਾਰੇ ਕਿਸੇ ਮਹਾਂਕਾਵਿਕ ਨਾਵਲੀ ਰਚਨਾ ਦੀ ਉਡੀਕ ਹੈ।

ਕੜਿਆਲਵੀ ਨੇ ਅਹਿਮਦ ਰਾਹੀ, ਚਿਰਾਗਦੀਨ ਦਾਮਨ, ਅਹਿਮਦ ਸਲੀਮ, ਅੰਮ੍ਰਿਤਾ ਪ੍ਰੀਤਮ, ਸੁਰਜੀਤ ਪਾਤਰ, ਸ਼ਿਵ ਕੁਮਾਰ, ਫੈਜ ਅਹਿਮਦ ਫੈਜ ਦੀਆਂ ਕਾਵਿਕ ਰਚਨਾਵਾਂ ਦੀ ਚਰਚਾ ਕੀਤੀ। ਮਹਿੰਦਰ ਸਾਥੀ ਯਾਦਗਾਰੀ ਮੰਚ ਵਲੋਂ ਰਾਸ਼ਟਰਪਤੀ ਐਵਾਰਡ ਪ੍ਰਾਪਤ ਕਰਤਾ, ਭਾਰਤ ਦੇ ਨਾਮਵਰ ਹਿੰਦੀ ਭਾਸ਼ਾਈ ਸ਼ਾਇਰ ਸੱਤਿਆ ਪ੍ਰਕਾਸ਼ ਉੱਪਲ ਨੂੰ ਉਹਨਾਂ ਦੇ ਜਨਮ ਦਿਨ ‘ਤੇ ਸਨਮਾਨਿਤ ਕੀਤਾ ਗਿਆ। ਸ੍ਰੀ ਉੱਪਲ ਨੂੰ ਸਨਮਾਨ ਪੱਤਰ, ਫੁੱਲਕਾਰੀ ਅਤੇ ਪੁਸਤਕਾਂ ਦਾ ਸੈੱਟ ਭੇਟ ਕੀਤਾ ਗਿਆ। ਸਨਮਾਨਿਤ ਸ਼ਾਇਰ ਦਾ ਸਨਮਾਨ ਪੱਤਰ ਉੱਘੀ ਸਮਾਜ ਸੇਵਿਕਾ ਸਰਬਜੀਤ ਕੌਰ ਮਾਹਲਾ ਨੇ ਪੇਸ਼ ਕੀਤਾ। ਗੁਰਮੀਤ ਕੜਿਆਲਵੀ ਨੇ ਉੱਪਲ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਸੱਤ ਕਾਵਿ ਪੁਸਤਕਾਂ ਸਮੇਤ ਕੁੱਲ 14 ਪੁਸਤਕਾਂ ਸਾਹਿਤ ਜਗਤ ਦੀ ਝੋਲੀ ਪਾ ਚੁੱਕੇ ਹਨ।

LEAVE A REPLY

Please enter your comment!
Please enter your name here