ਪਸ਼ੂ ਪਾਲਣ ਵਿਭਾਗ ਲੰਪੀ ਸਕਿਨ ਬਿਮਾਰੀ ਦੀ ਰੋਕਥਾਮ ਲਈ ਕਰ ਰਿਹੈ ਹਰ ਸੰਭਵ ਉਪਰਾਲੇ : ਡਿਪਟੀ ਕਮਿਸ਼ਨਰ

0
26
ਪਸ਼ੂ ਪਾਲਣ ਵਿਭਾਗ ਲੰਪੀ ਸਕਿਨ ਬਿਮਾਰੀ ਦੀ ਰੋਕਥਾਮ ਲਈ ਕਰ ਰਿਹੈ ਹਰ ਸੰਭਵ ਉਪਰਾਲੇ : ਡਿਪਟੀ ਕਮਿਸ਼ਨਰ

PLCTV:-


ਲੰਪੀ ਸਕਿਨ ਬਿਮਾਰੀ ਦੇ ਲੱਛਣ, ਸਾਵਧਾਨੀਆਂ ਅਤੇ ਵੈਕਸੀਨ ਦੀ ਜਾਣਕਾਰੀ ਕੀਤੀ ਸਾਂਝੀ


ਮੋਗਾ, 12 ਅਗਸਤ (ਅਮਜਦ ਖ਼ਾਨ) :- ਪੰਜਾਬ ਸਰਕਾਰ ਦਾ ਪਸ਼ੂ ਪਾਲਣ ਵਿਭਾਗ ਪੰਜਾਬ ਵਿੱਚ ਤੇਜੀ ਨਾਲ ਫੈਲ ਰਹੀ ਪਸ਼ੂਆਂ ਦੀ ਲੰਪੀ ਸਕਿਨ ਬਿਮਾਰੀ ਦੀ ਰੋਕਥਾਮ ਲਈ ਗੰਭਰੀ ਹੈ ਅਤੇ ਇਸਦੀ ਰੋਕਥਾਮ ਲਈ ਹਰ ਸੰਭਵ ਉਪਰਾਲੇ ਕਰ ਰਿਹਾ ਹੈ। ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਪੰਜਾਬ ਦੇ ਵੈਟਨਰੀ ਅਧਿਕਾਰੀਆਂ/ਡਾਕਟਰਾਂ ਦੀ ਸੂਚੀ ਸਮੇਤ ਮੋਬਾਇਲ ਨੰਬਰ ਜਾਰੀ ਕੀਤੀ ਹੈ ਤਾਂ ਕਿ ਪਸ਼ੂ ਪਾਲਕ ਇਸ ਬਿਮਾਰੀ ਸਬੰਧੀ ਲੋੜ ਅਨੁਸਾਰ ਜਾਣਕਾਰੀ ਪ੍ਰਾਪਤ ਕਰ ਸਕਣ। ਜ਼ਿਲ੍ਹਾ ਮੋਗਾ ਦੇ ਪਸ਼ੂ ਪਾਲਕ ਇਸ ਸਬੰਧੀ ਜਾਣਕਾਰੀ ਲਈ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਮੋਗਾ ਡਾ. ਹਰਵੀਨ ਕੌਰ ਦੇ ਮੋਬਾਇਲ ਨੰਬਰ 94173-16068 ਉੱਪਰ ਸੰਪਰਕ ਕਰ ਸਕਦੇ ਹਨ।

ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਲੰਪੀ ਸਕਿਨ ਬਿਮਾਰੀ ਦੇ ਲੱਛਣ, ਸਾਵਧਾਨੀਆਂ ਅਤੇ ਵੈਕਸੀਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੰਪੀ ਸਕਿਨ ਬਿਮਾਰੀ ਗਊਆਂ ਅਤੇ ਮੱਝਾਂ ਦਾ ਇੱਕ ਛੂਤ ਦਾ ਰੋਗ ਹੈ। ਇਹ ਬਿਮਾਰੀ ਗਊਆਂ ਅਤੇ ਮੱਝਾਂ ਵਿੱਚ ਮੱਖੀਆਂ/ਮੱਛਰਾਂ/ ਚਿੱਚੜਾਂ ਦੁਆਰਾ ਫੈਲਦੀ ਹੈ। ਪ੍ਰਭਾਵਿਤ ਪਸ਼ੂਆਂ ਦੀ ਆਵਾਜਾਈ ਪੂਰਨ ਰੂਪ ਵਿੱਚ ਬੰਦ ਹੋਣੀ ਚਾਹੀਦੀ ਹੈ। ਬਿਮਾਰ ਪਸੂਆਂ ਦੇ ਇਲਾਜ ਲਈ ਨੇੜੇ ਦੀ ਪਸ਼ੂ ਸੰਸਥਾ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇਸ ਬਿਮਾਰੀ ਨਾਲ ਪਸ਼ੂਆਂ ਵਿੱਚ ਬੁਖਾਰ ਅਤੇ ਚਮੜੀ ’ਤੇ ਧੱਫੜ ਹੋ ਸਕਦੇ ਹਨ। ਤੰਦਰੁਸਤ ਗਊਆਂ ਨੂੰ ਗੋਟ ਪੌਕਸ ਵੈਕਸੀਨ ਲਗਵਾਉਣੀ ਯਕੀਨੀ ਬਣਾਈ ਜਾਵੇ।

ਪਸ਼ੂ ਵਿੱਚ ਬਿਮਾਰੀ ਦੇ ਲੱਛਣ ਪਾਏ ਜਾਣ ਤੋਂ ਬਾਅਦ ਬਿਮਾਰ ਪਸ਼ੂ ਨੂੰ ਅਲੱਗ ਰੱਖਣਾ ਚਾਹੀਦਾ ਹੈ। ਪਸ਼ੂਆਂ ਦੀ ਦੇਖ-ਭਾਲ ਕਰਨ ਵਾਲੇ ਕਾਮੇ ਆਪਣੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣ ਨੂੰ ਯਕੀਨੀ ਬਣਾਉਣ। ਦੁੱਧ ਚੰਗੀ ਤਰ੍ਹਾਂ ਉਬਾਲ ਦੇ ਪੀਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਹ ਬਿਮਾਰੀ ਮਨੁੱਖਾਂ ਵਿੱਚ ਨਹੀਂ ਫੈਲਦੀ। ਉਨ੍ਹਾਂ ਦੱਸਿਆ ਕਿ ਰੱਬ ਨਾ ਕਰੇ ਜੇਕਰ ਪਸ਼ੂ ਦੀ ਮੌਤ ਇਸ ਬਿਮਾਰੀ ਨਾਲ ਹੁੰਦੀ ਹੈ ਤਾਂ ਮਰੇ ਹੋਏ ਜਾਨਵਰ ਨੂੰ ਦਬਾਉਣ ਲਈ ਪੁੱਟਿਆ ਟੋਆ ਅਬਾਦੀ ਅਤੇ ਪਾਣੀ ਦੇ ਸਰੋਤ ਤੋਂ ਘੱਟੋ ਘੱਟ 250 ਮੀਟਰ ਦੂਰ ਹੋਣਾ ਚਾਹੀਦਾ ਹੈ। ਪਸ਼ੂ ਨੂੰ ਟੋਏ ਵਿੱਚ ਦਬਾਉਣ ਉਪਰੰਤ ਘੱਟੋ ਘੱਟ 3 ਫੁੱਟ ਮਿੱਟੀ ਉੱਪਰ ਪਾਈ ਜਾਣੀ ਚਾਹੀਦੀ ਹੈ। ਟੋਏ ਦਾ ਆਕਾਰ 8 ਫੁੱਟ ਬਾਏ 7 ਫੁੱਟ ਅਤੇ ਘੱਟ ਤੋਂ ਘੱਟ 6 ਫੁੱਟ ਡੂੰਘਾ ਹੋਣਾ ਚਾਹੀਦਾ ਹੈ। ਪਸ਼ੂ ਦੀ ਲਾਸ਼ ਦੇ ਹੇਠਾਂ ਅਤੇ ਉੱਪਰ ਘੱਟੋ-ਘੱਟ 2 ਇੰਚ ਚੂਨੇ ਦੀ ਪਰਤ ਹੋਣੀ ਚਾਹੀਦੀ ਹੈ।

LEAVE A REPLY

Please enter your comment!
Please enter your name here