ਮੋਗਾ 3 ਅਗਸਤ (ਅਮਜਦ ਖ਼ਾਨ) :- ਪਿੰਡ ਦੁੱਨੇਕੇ ਨਿਵਾਸੀ 22 ਸਾਲਾ ਨੌਜਵਾਨ ਜਸਪ੍ਰੀਤ ਸਿੰਘ ਜਿਸਨੇ ਪਿੰਡ ਦੁੱਨੇਕੇ ਤੋਂ ਲੱਦਾਖ ਤੱਕ 1900 ਕਿ:ਮੀ: ਦਾ ਸਫਰ ਸਾਈਕਲ ਤੇ ਤੈਅ ਕੀਤਾ ਅਤੇ ਆਪਣੇ ਸਫਰ ਦੌਰਾਨ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਹੈ ਨੂੰ ਅੱਜ ਸਮਾਜ ਸੇਵਾ ਸੁਸਾਇਟੀ ਮੋਗਾ ਵੱਲੋਂ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਦਫਤਰ ਰੂਰਲ ਐੱਨ ਜੀ ਓ ਬਸਤੀ ਗੋਬਿੰਦਗੜ੍ਹ ਮੋਗਾ ਵਿਖੇ ਕੀਤੇ ਗਏ ਇੱਕ ਸਾਦਾ ਸਮਾਗਮ ਨੂੰ ਸੰਬੋਧਨ ਕਰਦਿਆਂ ਸੁਸਾਇਟੀ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ ਨੇ ਕਿਹਾ ਕਿ ਸਾਨੂੰ ਮੋਗਾ ਜਿਲਾ ਨਿਵਾਸੀਆਂ ਨੂੰ ਨੌਜਵਾਨ ਜਸਪ੍ਰੀਤ ਸਿੰਘ ਤੇ ਮਾਣ ਹੈ ਜਿਸ ਨੇ ਆਪਣੇ ਨਿਵੇਕਲੇ ਕੰਮਾਂ ਨਾਲ ਜਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਅੱਜ ਜਸਪ੍ਰੀਤ ਸਿੰਘ ਨੂੰ ਸਨਮਾਨਿਤ ਕਰਕੇ ਆਪਣੇ ਆਪ ਨੂੰ ਸਨਮਾਨਿਤ ਮਹਿਸੂਸ ਕਰ ਰਹੇ ਹਾਂ। ਉਹਨਾਂ ਆਪਣੇ ਸੰਬੋਧਨ ਦੌਰਾਨ ਡਿਪਟੀ ਕਮਿਸ਼ਨਰ ਮੋਗਾ ਤੋਂ ਇਹ ਮੰਗ ਕੀਤੀ ਕਿ ਇਸ ਨੌਜਵਾਨ ਨੂੰ 15 ਅਗਸਤ ਨੂੰ ਸਨਮਾਨਿਤ ਕੀਤਾ ਜਾਵੇ। ਉਹਨਾਂ ਜਸਪ੍ਰੀਤ ਸਿੰਘ ਨੂੰ ਵਿਸ਼ਵਾਸ ਦਿਵਾਇਆ ਕਿ ਭਵਿੱਖ ਵਿੱਚ ਕੀਤੀਆਂ ਜਾਣ ਵਾਲੀਆਂ ਯਾਤਰਾਵਾਂ ਲਈ ਉਸ ਨੂੰ ਸੁਸਾਇਟੀ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ ਅਤੇ ਪ੍ਰਸਾਸ਼ਨ ਵੱਲੋਂ ਵੀ ਉਸ ਨੂੰ ਮੱਦਦ ਦਿਵਾਈ ਜਾਵੇਗੀ। ਇਸ ਮੌਕੇ ਜਸਪ੍ਰੀਤ ਸਿੰਘ ਦੀ ਮਾਤਾ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਕਤ ਤੋਂ ਇਲਾਵਾ ਸਰਬੱਤ ਦਾ ਭਲਾ ਮੋਗਾ ਦੇ ਪ੍ਰਧਾਨ ਮਹਿੰਦਰ ਪਾਲ ਲੂੰਬਾ, ਦਰਸ਼ਨ ਸਿੰਘ ਵਿਰਦੀ, ਅਮਰਜੀਤ ਸਿੰਘ ਜੱਸਲ, ਨਰਿੰਦਰਪਾਲ ਸਿੰਘ ਸਹਾਰਨ, ਡਾ. ਅਕਬਰ ਚੜਿੱਕ, ਐਮ. ਸੀ ਬਲਜੀਤ ਸਿੰਘ ਚਾਨੀ, ਕਿ੍ਰਸ਼ਨ ਸੂਦ, ਮੱਖਣ ਸਿੰਘ, ਗੁਰਨਾਮ ਸਿੰਘ, ਬਲਜਿੰਦਰ ਸਿੰਘ, ਚਰਨਪ੍ਰੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਮਾਜ ਸੇਵੀ ਹਾਜਰ ਸਨ।
