
ਮੋਗਾ, 20 ਜੂਨ (ਅਮਜਦ ਖ਼ਾਨ) : ਹਲਕੇ ਦੇ ਪਿੰਡ ਦੌਲਤਪੁਰਾ ਨੀਵਾਂ ਵਿੱਚ ਬਣਾਏ ਗਏ ਵਿਦਿਆਰਥੀ ਭਲਾਈ ਗਰੱੁਪ ਵੱਲੋਂ ਪਿੰਡ ਦੇ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਇੰਚਾਰਜ ਪਿ੍ਰੰਸੀਪਲ ਅਤੇ ਸਟਾਫ਼ ਨਾਲ ਇੱਕ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸਕੂਲ ਵਿੱਚ ਪੜ੍ਹਦੇ ਅਤੇ ਪਾਸ ਹੋਏ ਵਿਦਿਆਰਥੀਆਂ ਦੀ ਭਲਾਈ ਅਤੇ ਸਕੂਲ ਵਿੱਚ ਲੋੜੀਂਦੀਆਂ ਸਹੂਲਤਾਂ ਬਾਰੇ ਵਿਸਥਾਰ ਨਾਲ ਵਿਚਾਰ-ਵਿਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਨੇੜ ਭਵਿੱਖ ਵਿੱਚ 10ਵੀਂ ਅਤੇ 12ਵੀਂ ਪਾਸ ਵਿਦਿਆਰਥੀਆਂ ਲਈ ਇੱਕ ਕਰੀਅਰ ਗਾਈਡੈਂਸ ਕੈਂਪ ਲਗਾਇਆ ਜਾਵੇਗਾ ਜਿਸ ਵਿੱਚ ਉਹਨਾਂ ਨੂੰ ਉਚੇਰੀ ਵਿੱਦਿਆ, ਸਵੈ-ਰੁਜ਼ਗਾਰ ਅਤੇ ਰੁਜ਼ਗਾਰ ਵਿਭਾਗ ਵਿੱਚ ਨਾਮ ਦਰਜ ਕਰਵਾਉਣ ਬਾਰੇ ਦੱਸਿਆ ਜਾਵੇਗਾ।
ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰ ਕੇ ਆਰਮਡ ਫੋਰਸਜ਼,ਪੰਜਾਬ ਪੁਲੀਸ ਆਦਿ ਵਿੱਚ ਭਰਤੀ ਲਈ ਤਿਆਰ ਕੀਤਾ ਜਾਵੇਗਾ। ਗਰੀਬ ਅਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਵੱਲ ਪ੍ਰੇਰਿਆ ਜਾਵੇਗਾ ਅਤੇ ਹਰ ਸੰਭਵ ਮੱਦਦ ਕੀਤੀ ਜਾਵੇਗੀ। ਸਕੂਲ ਵਿੱਚ ਮਿਡ ਡੇ ਮੀਲ ਲਈ ਸ਼ੈੱਡ ਅਤੇ ਟੁਆਲਿਟ ਆਦਿ ਤਿਆਰ ਕਰਨ ਲਈ ਪਿੰਡ ਦੇ ਮਾਸਟਰ ਸਵਰਗੀ ਬਲਬੀਰ ਸਿੰਘ ਦੀ ਅਮਰੀਕਾ ਨਿਵਾਸੀ ਬੇਟੀ ਰੂਬੀ ਦਿਓਲ ਵੱਲੋਂ ਬਣਾਈ ਗਈ ਐਨ.ਜੀ.ਓ “ਮੇਰਾ ਪਿੰਡ- ਮੇਰੇ ਬੱਚੇ” ਵੱਲੋਂ ਮਾਇਕ ਸਹਾਇਤਾ ਦੇਣ ਬਾਰੇ ਵੀ ਦੱਸਿਆ ਗਿਆ।
ਸਕੂਲ ਨੂੰ ਹਰਿਆ-ਭਰਿਆ ਬਣਾਉਣ ਲਈ ਗਰੱੁਪ ਵੱਲੋਂ ਵੱਖ ਵੱਖ ਕਿਸਮਾਂ ਦੇ 200 ਬੂਟੇ ਵੀ ਲਗਾਏ ਜਾਣਗੇ। ਮੀਟਿੰਗ ਵਿੱਚ ਸਕੂਲ ਇੰਚਾਰਜ ਰਾਜੇਸ਼ ਖੰਨਾ, ਪ੍ਰੋ ਬਲਵਿੰਦਰ ਸਿੰਘ, ਐਡਵੋਕੇਟ ਅੰਗਰੇਜ਼ ਸਿੰਘ, ਗੁਲਸ਼ਨ ਗਾਬਾ, ਭੁਪਿੰਦਰ ਸਿੰਘ ਮੈਂਬਰ ਪੰਚਾਇਤ, ਜਸਪਾਲ ਸਿੰਘ, ਗੁਰਪ੍ਰੀਤ ਸਿੰਘ ਪੀਟੀ ਟੀਚਰ, ਰਾਕੇਸ਼ ਕੁਮਾਰ ਕੰਪਿਊਟਰ ਟੀਚਰ, ਜੁਗਰਾਜ ਸਿੰਘ ਜੀ.ਓ.ਜੀ, ਗੁਰਦਰਸ਼ਨ ਸਿੰਘ, ਲਖਵਿੰਦਰ ਸਿੰਘ, ਗੁਰਜੀਤ ਸਿੰਘ, ਮਨਪ੍ਰੀਤ ਸਿੰਘ, ਸ੍ਰੀਮਤੀ ਅੰਜੂ, ਮੀਨੂ ਗਰਗ, ਅਮਨਦੀਪ ਸ਼ਰਮਾ, ਕਮਲਜੀਤ ਕੌਰ, ਲਕਸ਼ਮੀ ਸ਼ਰਮਾ ਆਦਿ ਹਾਜ਼ਰ ਸਨ।
