
ਮੋਗਾ, 12 ਜੂਨ (ਅਮਜਦ ਖ਼ਾਨ) :- ਡਿਪਟੀ ਕਮਿਸ਼ਨਰ ਮੋਗਾ ਸ. ਕੁਲਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਬਾਲ ਸੁਰੱਖਿਆ ਯੁਨਿਟ ਮੋਗਾ, ਬਾਲ ਭਲਾਈ ਕਮੇਟੀ ਅਤੇ ਪੁਲਿਸ ਵਿਭਾਗ ਵੱਲੋਂ ਅੱਜ ਵਿਸ਼ਵ ਬਾਲ ਮਜ਼ਦੂਰੀ ਰੋਕੂ ਦਿਵਸ ਨੂੰ ਸਮਰਪਿਤ ਸ਼ਹਿਰ ਦੇ ਮੇਨ ਬਜ਼ਾਰ ਦੀਆਂ ਵੱਖ-ਵੱਖ ਦੁਕਾਨਾਂ ਅਤੇ ਹੋਰ ਥਾਵਾਂ ’ਤੇ ਬਾਲ ਮਜ਼ਦੂਰੀ ਸਬੰਧੀ ਚੈਕਿੰਗ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਪਰਮਜੀਤ ਕੌਰ ਨੇ ਦੱਸਿਆ ਕਿ ਇਸ ਚੈਕਿੰਗ ਦੌਰਾਨ ਟੀਮ ਵੱਲੋਂ ਮਾਰਕਿਟ ਐਸੋਸੀਏਸ਼ਨ ਨੂੰ ਅਪੀਲ ਕੀਤੀ ਕਿ 18 ਸਾਲ ਤੱਕ ਦੇ ਕਿਸੇ ਵੀ ਬੱਚੇ ਤੋਂ ਕੰਮ ਨਾ ਕਰਵਾਇਆ ਜਾਵੇ ਅਤੇ ਜੇਕਰ ਇਸ ਤਰ੍ਹਾਂ ਦਾ ਕੋਈ ਬੱਚਾ ਜਿਸਦੀ ਉਮਰ 18 ਸਾਲ ਜਾਂ ਇਸ ਤੋਂ ਘੱਟ ਹੈ, ਕੰਮ ਦੀ ਮੰਗ ਕਰਦਾ ਹੈ ਤਾਂ ਉਸਦੀ ਸੂਚਨਾ ਤੁਰੰਤ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਦਿੱਤੀ ਜਾਵੇ।
ਮਾਰਕਿਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਆਮ ਪਬਲਿਕ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਇਸ ਕਦਮ ਦੀ ਪ੍ਰਸੰਸਾ ਕੀਤੀ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਇਸ ਕੰਮ ਵਿੱਚ ਪੂਰਾ ਸਹਿਯੋਗ ਦੇਣ ਲਈ ਸਹਿਮਤੀ ਪ੍ਰਗਟਾਈ ਗਈ। ਇਸ ਮੌਕੇ ਮੈਡਮ ਪਰਮਜੀਤ ਕੌਰ ਨੇ ਦੱਸਿਆ ਕਿ ਬਚਪਨ ਬਚਾਓ ਅੰਦੋਲਨ ਤਹਿਤ 1 ਜੂਨ ਤੋਂ 30 ਜੂਨ 2022 ਤੱਕ ਪੂਰਾ ਮਹੀਨਾ ਚਾਈਲਡ ਲੇਬਰ ਵਿਰੁੱਧ ਸਟੇਟ ਐਕਸ਼ਨ ਮਹੀਨਾ ਮਨਾਇਆ ਜਾ ਰਿਹਾ ਹੈ ਅਤੇ ਜ਼ਿਲ੍ਹਾ ਪੱਧਰੀ ਟੀਮ ਵੱਲੋਂ 30 ਜੂਨ ਤੱਕ ਲਗਾਤਾਰ ਚਾਈਲਡ ਲੇਬਰ ਰੋਕੂ ਗਤੀਵਿਧੀਆਂ ਜਾਰੀ ਰੱਖੀਆਂ ਜਾਣਗੀਆਂ। ਇਸ ਮੌਕੇ ਪੁਲਿਸ ਵਿਭਾਗ ਤੋਂ ਸੁਰਿੰਦਰ ਸਿੰਘ, ਗੀਤਾ ਗਰੋਵਰ, ਜ਼ਿਲ੍ਹਾ ਬਾਲ ਸੁਰੱਖਿਆ ਯੁਨਿਟ ਤੋਂ ਬਾਲ ਸੁਰੱਖਿਆ ਅਫ਼ਸਰ ਸਰਬਪ੍ਰੀਤ ਸਿੰਘ, ਸ਼ੋਸ਼ਲ ਵਰਕਰ ਚੰਚਲ ਗੋਇਲ ਅਤੇ ਬਾਲ ਭਲਾਈ ਕਮੇਟੀ ਤੋਂ ਮੈਂਬਰ ਅਵਤਾਰ ਸਿੰਘ ਹਾਜ਼ਰ ਸਨ।
