ਮੋਗਾ, 7 ਫਰਵਰੀ (ਅਮਜਦ ਖ਼ਾਨ/ਸੰਦੀਪ ਮੌਂਗਾ) : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਕੋਵਿਡ ਨਾਲ ਸਬੰਧਤ ਪਾਬੰਦੀਆਂ ਦੇ ਹੁਕਮਾਂ ਵਿੱਚ 15 ਫਰਵਰੀ, 2022 ਤੱਕ ਵਾਧਾ ਕਰ ਦਿੱਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸ੍ਰੀ ਹਰਚਰਨ ਸਿੰਘ ਨੇ ਦੱਸਿਆ ਕਿ ਸਾਰੀਆਂ ਜਨਤਕ ਥਾਵਾਂ, ਸਮੇਤ ਕੰਮ ਵਾਲੀ ਜਗ੍ਹਾ ਆਦਿ, ਤੇ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ ਅਤੇ ਇਸ ਦੀ ਪਾਲਣਾ ਸਖ਼ਤੀ ਨਾਲ ਕੀਤੀ ਜਾਵੇਗੀ। ਹਰ ਪ੍ਰਕਾਰ ਦੀਆਂ ਗਤੀਵਿਧੀਆਂ ਦੌਰਾਨ ਵਿਅਕਤੀਆਂ ਵਿਚਕਾਰ ਘੱਟੋ-ਘੱਟ 6 ਫੁੱਟ (ਦੋ ਗਜ਼) ਦੀ ਦੂਰੀ ਕਾਇਮ ਰੱਖਣੀ ਲਾਜ਼ਮੀ ਹੋਵੇਗੀ। ਸਥਾਨ ਦੀ ਉੱਪਰਲੀ ਸਮਰੱਥਾ 50 ਪ੍ਰਤੀਸ਼ਤ ਰੱਖਦੇ ਹੋਏ, ਇੰਨਡੋਰ ਲਈ 500 ਅਤੇ ਆਊਟਡੋਰ ਲਈ 1000 ਵਿਅਕਤੀਆਂ ਦੇ ਇਕੱਠ ਦੀ ਮੰਨਜ਼ੂਰੀ ਹੋਵੇਗੀ।
ਇਹ ਇਕੱਠ ਕੋਵਿਡ ਸਬੰਧੀ ਹਦਾਇਤਾਂ ਦੀ ਪਾਲਣਾ ਵਿੱਚ ਕੀਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਵਿੱਚ ਯੂਨੀਵਰਸਿਟੀ/ਕਾਲਜ (ਸਮੇਤ ਮੈਡੀਕਲ ਅਤੇ ਨਰਸਿੰਗ ਕਾਲਜ), ਸਕੂਲ (ਛੇਵੀਂ ਜਮਾਤ ਤੋਂ ਲੈ ਕੇ), ਪੋਲੀਟੈਕਨਿਕ, ਆਈ.ਟੀ.ਆਈ, ਕੋਚਿੰਗ ਸੰਸਥਾਨ, ਲਾਈਬ੍ਰੇਰੀ ਅਤੇ ਟ੍ਰੇਨਿੰਗ ਸੰਸਥਾਨ (ਸਰਕਾਰੀ ਜਾਂ ਨਿਜੀ) ਨੂੰ ਲੋੜੀਂਦੇ ਸੋਸ਼ਲ ਡਿਸਟੈਂਸਿੰਗ ਨਿਯਮ, ਨਿਯਮਿਤ ਸੈਨੇਟਾਈਜਿੰਗ ਅਤੇ ਕੋਵਿਡ-19 ਸਬੰਧੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਮਿਤੀ 07.02.2022 ਤੋਂ ਰੈਗੁਲਰ ਕਲਾਸਾਂ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਸਬੰਧਤ ਸੰਸਥਾਨ, ਸਾਰੇ 15 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਨੂੰ ਸਲਾਹ ਦੇਣ ਕਿ ਰੈਗੁਲਰ ਕਲਾਸਾਂ ਅਟੈਂਡ ਕਰਨ ਵਾਲੇ ਘੱਟੋ-ਘੱਟ ਵੈਕਸੀਨੇਸ਼ਨ ਦੀ ਪਹਿਲੀ ਡੋਜ਼ ਲੈਣ ਨੂੰ ਯਕੀਨੀ ਬਣਾਉਣ।
ਵਿਦਿਆਰਥੀਆਂ ਨੂੰ ਆਨਲਾਈਨ ਕਲਾਸਾਂ ਅਟੈਂਡ ਕਰਨ ਦੀ ਆਪਸ਼ਨ ਹੋਵੇਗੀ। ਸਾਰੇ ਬਾਰ, ਸਿਨੇਮਾ ਹਾਲ, ਮਲਟੀਪਲੈਕਸ, ਮਾਲ, ਰੈਸਟੋਰੈਂਟ, ਸਪਾ, ਜਿੰਮ, ਸਪੋਰਟਸ ਕੰਪਲੈਕਸ, ਅਜਾਇਬ ਘਰ, ਚਿੜੀਆ ਘਰ ਆਦਿ 75 ਪ੍ਰਤੀਸ਼ਤ ਦੀ ਸਮਰੱਥਾ ਦੇ ਨਾਲ ਖੋਲ੍ਹਣ ਦੀ ਆਗਿਆ ਹੋਵੇਗੀ ਪੰਤੂ ਇਨ੍ਹਾਂ ਥਾਵਾਂ ਦੇ ਸਮੁੱਚੇ ਸਟਾਫ ਦੇ ਵੈਕਸੀਨ ਦੀਆਂ ਸਾਰੀਆਂ ਡੋਜ਼ਾਂ ਲੱਗੀਆ ਹੋਈਆ ਲਾਜ਼ਮੀ ਹੋਣਗੀਆਂ। ਸਾਰੀਆਂ ਏ.ਸੀ. ਬੱਸਾਂ 50 ਪ੍ਰਤੀਸ਼ਤ ਸਵਾਰੀਆਂ ਦੀ ਸਮਰੱਥਾ ਨਾਲ ਚੱਲ ਸਕਣਗੀਆਂ। ਜ਼ਿਲ੍ਹਾ ਦੇ ਸਾਰੇ ਸਰਕਾਰੀ/ਪ੍ਰਾਈਵੇਟ ਦਫਤਰਾਂ ਵਿੱਚ ਕੰਮ ਕਰਵਾਉਣ ਲਈ ਆਉਂਦੇ ਲੋਕਾਂ ਦੇ ਮਾਸਕ ਪਹਿਨਿਆ ਹੋਣਾ ਲਾਜ਼ਮੀ ਹੋਵੇਗਾ ਅਤੇ ਬਿਨ੍ਹਾਂ ਮਾਸਕ ਵਾਲੇ ਕਿਸੇ ਵੀ ਵਿਅਕਤੀ ਨੂੰ ਦਫਤਰਾਂ ਵਿੱਚ ਸੇਵਾਵਾਂ ਨਹੀਂ ਦਿੱਤੀਆਂ ਜਾਣਗੀਆਂ।
ਕੇਵਲ ਉਹੀ ਵਿਅਕਤੀ ਜਿਨ੍ਹਾਂ ਦੇ ਕੋਵਿਡ-19 ਵੈਕਸੀਨ ਦੀਆਂ ਸਾਰੀਆਂ ਡੋਜ਼ਾ ਲੱਗੀਆ ਹੋਣ ਜਾਂ ਕੋਵਿਡ-19 ਤੋਂ ਠੀਕ ਹੋਏ ਹੋਣ ਜਾਂ 72 ਘੰਟੇ ਤੱਕ ਪੁਰਾਈ ਨੈਗਟਿਵ ਰਿਪੋਰਟ ਹੋਵੇ ਨੂੰ ਹੀ ਜ਼ਿਲ੍ਹਾ ਅੰਦਰ ਦਾਖਲ ਹੋਣ ਦੀ ਆਗਿਆ ਹੋਵੇਗੀ। ਜੇਕਰ ਕਿਸੇ ਯਾਤਰੀ ਕੋਲ ਉਕਤ ਵਿੱਚੋਂ ਕੁਝ ਵੀ ਨਹੀਂ ਤਾਂ ਰੈਟ ਟੈਸਟ ਲਾਜ਼ਮੀ ਹੋਵੇਗਾ।ਹਵਾਈ ਮਾਧਿਅਮ ਰਾਹੀਂ ਆਉਣ ਵਾਲੇ ਯਾਤਰੀਆਂ ਲਈ ਜ਼ਰੂਰੀ ਹੋਵੇਗਾ ਕਿ ਕੋਵਿਡ-19 ਵੈਕਸੀਨ ਦੀਆਂ ਸਾਰੀਆਂ ਡੋਜ਼ਾਂ ਲੱਗੀਆ ਹੋਣ ਜਾਂ 72 ਘੰਟੇ ਤੱਕ ਪੁਰਾਈ ਨੈਗਟਿਵ ਰਿਪੋਰਟ ਹੋਵੇ ਜਾਂ ਕੋਵਿਡ-19 ਤੋਂ ਪ੍ਰਭਾਵਿਤ ਨਾ ਹੋਣ। ਉਨ੍ਹਾਂ ਦੱਸਿਆ ਕਿ ਦਿਵਿਆਂਗ ਵਿਅਕਤੀ ਅਤੇ ਗਰਭਵਤੀ ਔਰਤਾਂ ਨੂੰ ਦਫਤਰ ਵਿੱਚ ਆਉਣ ਤੋਂ ਛੋਟ ਦਿੱਤੀ ਜਾਂਦੀ ਹੈ। ਪ੍ਰੰਤੂ ਇਨ੍ਹਾਂ ਵੱਲੋਂ ਘਰ ਰਹਿ ਕੇ ਹੀ ਆਪਣਾ ਕੰਮ ਆਨਲਾਈਨ ਕੀਤਾ ਜਾਵੇਗਾ।
ਉਪਰੋਕਤ ਤੋਂ ਇਲਾਵਾ, ਕੋਵਿਡ ਸਬੰਧੀ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਇੰਨਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਜਿਵੇਂ ਕਿ 6 ਫੁੱਟ ਦੀ ਸਮਾਜਿਕ ਦੂਰੀ ਨੂੰ ਬਣਾਏ ਰੱਖਣਾ, ਮਾਸਕ ਪਹਿਣਨਾ ਅਤੇ ਜਨਤਕ ਥਾਵਾਂ ਤੇ ਨਾ ਥੱਕਣਾ ਆਦਿ। ਸਮੂਹ ਲੋਕਾਂ ਨੂੰ ਇਹ ਵੀ ਮਸ਼ਵਰਾ ਦਿੱਤਾ ਜਾਂਦਾ ਹੈ ਕਿ ਕੋਰਨਾ ਤੋਂ ਰਾਹਤ ਲਈ ਦੋਨੋ ਟੀਕੇ ਨਿਯਮਾਂ ਅਨੁਸਾਰ ਲਗਵਾ ਲਏ ਜਾਣ ਤਾਂ ਕਿ ਕਰੋਨਾ ਤੋਂ ਸੁਰੱਖਿਅਤ ਰਿਹਾ ਜਾ ਸਕੇ। ਉਨ੍ਹਾਂ ਅਖੀਰ ਦੱਸਿਆ ਕਿ ਉਪਰੋਕਤ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀਆਂ/ ਅਦਾਰਿਆਂ ਵਿਰੁੱਧ ਇੰਡੀਅਨ ਪੀਨਲ ਕੋਡ ਦੀ ਧਾਰਾ 188 ਅਤੇ ਆਪਦਾ ਪ੍ਰਬੰਧਨ ਐਕਟ, 2005 ਦੀ ਧਾਰਾ 51-60 ਅਤੇ ਐਪੀਡੈਮਿਕ ਡਿਸੀਜ਼ਜ਼ ਐਕਟ, 1897 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
