ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਆਉਣ ਵਾਲੀਆਂ ਚੋਣਾਂ ’ਚ ਭਾਜਪਾ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ : ਤਾਰਾ ਸਿੰਘ

  0
  38
  BJP to boycott upcoming elections on call of United Kisan Morcha
  ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਆਉਣ ਵਾਲੀਆਂ ਚੋਣਾਂ ’ਚ ਭਾਜਪਾ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ ਤਾਰਾ ਸਿੰਘ

  PLCTV

  ਮੋਗਾ, 31 ਅਗੱਬਤ (ਅਮਜਦ ਖ਼ਾਨ/ਵਿਸ਼ਵਦੀਪ ਕਟਾਰੀਆ) : ਲੋਕ ਸੰਗਰਾਮ ਮੋਰਚਾ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਤਾਰਾ ਸਿੰਘ ਮੋਗਾ ਦੀ ਪ੍ਰਧਾਨਗੀ ’ਚ ਹੋਈ। ਇਸ ਮੀਟਿੰਗ ਦੀ ਜਾਣਕਾਰੀ ਦਿੰਦਿਆ ਸੂਬਾ ਪ੍ਰੈੱਸ ਸਕੱਤਰ ਲੋਕ ਰਾਜ ਮਹਿਰਾਜ ਅਤੇ ਪਰਮਜੀਤ ਸਿੰਘ ਜੀਰਾ ਨੇ ਦੱਸਿਆ ਕਿ ਹੁਣ ਤੱਕ ਦੇਸ਼ ਦੁਨੀਆਂ ’ਤੇ ਇਸ ਧਰਤੀ ਨੂੰ ਸਾਮਰਾਜੀਆਂ ’ਤੇ ਉਨ੍ਹਾਂ ਦੀਆਂ ਪਾਲਤੂ ਤੀਜੀ ਦੁਨੀਆਂ ਦੇ ਮੁਲਕਾਂ ਦੀਆਂ ਦਲਾਲ ਹਕੂਮਤਾਂ ਦੀ ਲੁੱਟ-ਖੁਸੱਟ ਤੇ ਦਾਬੇ ਤੋਂ ਮੁਕਤ ਕਰਾਉਣ ਲਈ ਆਪਣੀਆਂ ਜਾਨਾਂ ਵਾਰ ਗਏ ਸਮੂਹ ਸ਼ਹੀਦਾਂ ਅਤੇ ਮੌਜੂਦਾ ਕਿਸਾਨ ਸੰਘਰਸ਼ ਵਿੱਚ ਸ਼ਹੀਦੀਆਂ ਪਾ ਚੁੱਕੇ ਲੱਗਭੱਗ 600 ਦੇ ਕਰੀਬ ਯੋਧਿਆਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ।

  ਇਸ ਉਪਰੰਤ ਉਨ੍ਹਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ’ਤੇ ਦੋ ਸੂਬਾ ਪੱਧਰੀਆਂ ਕਨਵੈਂਸ਼ਨਾਂ ਪਹਿਲੀ ‘‘ਭਾਰਤ ਅੰਦਰ ਜਾਤ-ਪਾਤ ਦਾ ਸੁਆਲ’’ ਵਿਸ਼ੇ ’ਤੇ ਬਠਿੰਡਾ ਵਿਖੇ ਅਤੇ ਦੂਸਰੀ ‘‘ਭਾਰਤ ਅੰਦਰ ਕੌਮੀਅਤਾਂ ਦਾ ਸੁਆਲ’’ ਵਿਸ਼ੇ ’ਤੇ ਪਟਿਆਲਾ ਅੰਦਰ ਕਰਵਾਉਣ ਦਾ ਤਹਿ ਕੀਤਾ ਗਿਆ। ਇਨ੍ਹਾਂ ਕਨਵੈਂਸ਼ਨਾਂ ਅੰਦਰ ਇਨ੍ਹਾਂ ਵਿਸ਼ਿਆਂ ’ਤੇ ਮਾਹਿਰ ਦਲਿਤ ਆਗੂਆਂ ਸਿੱਖ ਆਗੂਆਂ ਸਮੇਤ ਵੱਖ-2 ਇਨਕਲਾਬੀ ਜਥੇਬੰਦੀਆਂ ਦੇ ਆਗੂਆਂ ਨੂੰ ਬੁਲਾਉਣ ਤਹਿ ਕੀਤਾ। ਲੋਕ ਸੰਗਰਾਮ ਮੋਰਚਾ ਪੰਜਾਬ ਦੀ ਸੂਬਾ ਕਮੇਟੀ ਵਿੱਚ ਪੁਰਾਣੇ ਸਮੇਂ ਤੋਂ ਲੋਕ ਸੰਘਰਸ਼ਾਂ ’ਚ ਸਰਗਰਮ ਆਗੂ ਸੁਖਮੰਦਰ ਸਿੰਘ ਬਠਿੰਡਾ ਨੂੰ ਸੂਬਾ ਕਮੇਟੀ ’ਚ ਸਰਬਸੰਮਤੀ ਨਾਲ ਕੋਆਪਟ ਕਰਨ ਤੋਂ ਬਾਅਦ ਮੋਰਚੇ ਦਾ ਸੂਬਾ ਜਨਰਲ ਸਕੱਤਰ ਚੁਣਿਆ ਗਿਆ।

  ਇਹ ਚੋਣ ਪਹਿਲੇ ਜਨਰਲ ਸਕੱਤਰ ਸਤਵੰਤ ਸਿੰਘ ਪਟਿਆਲਾ ਦੇ ਇਲਾਕੇ ਅੰਦਰ ਉੱਸਰ ਰਹੇ ਕਿਸਾਨਾਂ ਮਜਦੂਰਾਂ ਦੇ ਕੰਮ ਕਾਰਨ ਵਧੇ ਰੁਝੇਵਿਆਂ ਕਾਰਨ ਉਸ ਦੀ ਜਗ੍ਹਾ ਕੀਤੀ ਗਈ। ਇਸ ਮੁਹਿੰਮ ਦੌਰਾਨ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਵੋਟਾਂ ਨਾਲ ਰਾਜ ਨਹੀਂ ਬਦਲਦੇ ਸਿਰਫ ਤਾਜ ਬਦਲਦੇ ਹਨ। ਰਾਜ ਤਾਂ ਇਸ ਲੁਟੇਰੇ ਸਾਮਰਾਜੀ ਜਗੀਰੂ ਪ੍ਰਬੰਧ ਖਿਲਾਫ ਮਜ਼ਦੂਰਾਂ-ਕਿਸਾਨਾਂ-ਮੱਧ ਵਰਗ ਅਤੇ ਕੌਮੀ ਸਰਮਾਏਦਾਰੀ ਦੇ ਸਾਂਝੇ ਸੰਘਰਸ਼ ਦੁਆਰਾ ਮਜ਼ਦੂਰ ਜਮਾਤ ਦੀ ਵਿਚਾਰਧਾਰਾ ਤਹਿਤ ਇਨਕਲਾਬੀ ਲੋਕ ਰਾਜ ਦੀ ਸਥਾਪਨਾ ਨਾਲ ਹੀ ਬਦਲੇਗਾ।

  ਇਸ ਵੋਟ ਬਾਈਕਾਟ ਮੁਹਿੰਮ ਲਈ ਲੋਕ ਸੰਗਰਾਮ ਮੋਰਚਾ ਪੰਜਾਬ ਸਿੱਖਿਆ ਮੀਟਿੰਗਾਂ ਰੈਲੀਆਂ ਕਨਵੈਂਨਸ਼ਨਾਂ ਸੈਮੀਨਾਰ ਆਦਿ ਵੱਖ-2 ਪ੍ਰੋਗਰਾਮ ਕਰਨ ਤੋਂ ਬਾਅਦ ਸੂਬਾ ਪੱਧਰ ’ਤੇ ਇੱਕ ਵੱਡਾ ਪ੍ਰੋਗਰਾਮ ਕਰਨ ਬਾਰੇ ਵੀ ਜਾਣਕਾਰੀ ਦਿੱਤੀ ਗਈ। ਲੋਕ ਸੰਗਰਾਮ ਮੋਰਚਾ ਪੰਜਾਬ ਦੀ ਸੂਬਾ ਕਮੇਟੀ ਨੇ ਸੰਯੁਕਤ ਕਿਸਾਨ ਮੋਰਚਾ ਵਲੋਂ ਵੋਟ ਪਾਰਟੀਆਂ ਸਬੰਧੀ ਲਏ ਫੈਸਲੇ ਕਿ ਜਿੱਥੇ ਵੀ ਚੋਣਾਂ ਆਉਣ ਵਾਲੀਆਂ ਹਨ ਉੱਥੇ ਭਾਰਤੀ ਜਨਤਾ ਪਾਰਟੀ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ ਅਤੇ ਦੂਸਰੀਆਂ ਵੋਟ ਪਾਰਟੀਆਂ ਨੂੰ ਤਿੰਨੇ ਕਾਲੇ ਖੇਤੀ ਕਾਨੂੰਨ ਰੱਦ ਅਤੇ ਐੱਮ.ਐੱਸ.ਪੀ. ਦੀ ਕਾਨੂੰਨੀ ਗਰੰਟੀ ਹੋਣ ਤੱਕ ਪਿੰਡਾਂ ਅੰਦਰ ਵੋਟਾਂ ਮੰਗਣ ਤੋਂ ਰੋਕਣ ਅਤੇ ਜਿਹੜੀ ਵੀ ਪਾਰਟੀ ਵੋਟਾਂ ਮੰਗਣ ਆਉਂਦੀ ਹੈ ਉਸਨੂੰ ਘੇਰ ਕੇ ਸੁਆਲ ਪੁੱਛੇ ਜਾਣ ਦਾ ਸੁਆਗਤ ਕੀਤਾ ਹੈ। ਉਨ੍ਹਾਂ ਸਮੂਹ ਲੋਕਾਂ ਨੂੰ ਸੱਦਾ ਦਿੱਤਾ ਕਿ ਕਿਸਾਨ ਜਥੇਬੰਦੀਆਂ ਦੀ ਇਸ ਮੁਹਿੰਮ ਦੇ ਵਿੱਚ ਇਨ੍ਹਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹਨ ਤਾਂ ਕਿ ਇਨ੍ਹਾਂ ਵੋਟ ਪਾਰਟੀਆਂ ਦੇ ਚਿਹਰਿਆਂ ਤੋਂ ਅਖੌਤੀ ਲੋਕ ਪੱਖੀ ਹੋਣ ਦਾ ਨਕਾਬ ਲਾਹਿਆ ਜਾਵੇ।

  LEAVE A REPLY

  Please enter your comment!
  Please enter your name here