ਸਕੂਲੀ ਸਟਾਫ਼ ਦੀੇ ਸਮੇਂ ਸਮੇਂ ਤੇ ਰੈਂਡਮ ਕੋਵਿਡ ਟੈਸਟਿੰਗ ਵੀ ਬਣਾਈ ਜਾਵੇ ਯਕੀਨੀ
ਮੋਗਾ, 5 ਅਗਸਤ (ਅਮਜਦ ਖ਼ਾਨ/ਵਿਸ਼ਵਦੀਪ ਕਟਾਰੀਆ) : ਜ਼ਿਲ੍ਹਾ ਮੈਜਿਸਟ੍ਰ੍ਰੇਟ ਮੋਗਾ ਸ੍ਰੀ ਸੰਦੀਪ ਹੰਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰੀ-ਪ੍ਰਾਇਮਰੀ ਜਮਾਤ ਤੋਂ ਬਾਰਵ੍ਹੀਂ ਜਮਾਤ ਤੱਕ ਸਕੂਲ ਖੋਲ੍ਹਣ ਦੇ ਹੁਕਮ ਇਸ ਸ਼ਰਤ ਦੇ ਦਿੱਤੇ ਗਏ ਹਨ ਕਿ ਸਕੂਲ ਸਿੱਖਿਆ ਵਿਭਾਗ ਇਸ ਸਬੰਧੀ ਹਦਾਇਤਾਂ ਜਾਰੀ ਕਰੇਗਾ। ਸਕੂਲ ਸਿੱਖਿਆ ਵਿਭਾਗ ਨੇ ਮਿਤੀ 1 ਅਗਸਤ ਨੂੰ ਜਾਰੀ ਕੀਤੇ ਇੱਕ ਪੱਤਰ ਤਹਿਤ ਆਪਣੇ ਵਿਭਾਗ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ/ਐ.ਸਿ) ਅਤੇ ਸਮੂਹ ਸਰਕਾਰੀ, ਮਾਨਤਾ ਪ੍ਰਾਪਤ, ਪ੍ਰਾਈਵੇਟ ਏਡਿਡ ਅਤੇ ਪ੍ਰਾਈਵੇਟ ਸਕੂਲਾਂ ਦੇ ਮੁੱਖੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਜਿੰਨ੍ਹਾਂ ਹਦਾਇਤਾਂ ਦੀ ਪਾਲਣਾ ਕਰਕੇ ਸਕੂਲ ਖੋਲ੍ਹੇ ਜਾ ਸਕਦੇ ਹਨ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀਆਂ ਇਨ੍ਹਾਂ ਹਦਾਇਤਾਂ ਮੁਤਾਬਿਕ ਲੋਕ ਹਿੱਤ ਵਿੱਚ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਪ੍ਰੀ ਪ੍ਰਾਇਮਰੀ ਜਮਾਤ ਤੋਂ ਬਾਰਵ੍ਹੀਂ ਜਮਾਤ ਤੱਕ ਸਕੂਲ ਖੋਲ੍ਹਣ ਦੀ ਆਗਿਆ ਦਿੱਤੀ ਜਾਂਦੀ ਹੈ। ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਸਾਰੇ ਸਕੂਲਾਂ ਵਿੱਚ ਕੋਵਿਡ ਢੁੱਕਵਾਂ ਵਿਵਹਾਰ ਅਪਣਾਉਣਾ ਯਕੀਨੀ ਬਣਾਇਆ ਜਾਵੇ, ਜਿਸ ਵਿੱਚ 6 ਫੁੱਟ ਦੀ ਸਮਾਜਿਕ ਦੂਰੀ ਨੂੰ ਬਣਾਏ ਰੱਖਣਾ, ਮਾਸਕ ਪਹਿਨਣਾ ਅਤੇ ਜਨਤਕ ਥਾਵਾਂ ਤੇ ਨਾ ਥੁੱਕਣਾ, ਸੈਨੇਟਾਈਜੇਸ਼ਨ ਆਦਿ ਸ਼ਾਮਿਲ ਹਨ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦਸਵੀਂ, ਗਿਆਰਵ੍ਹੀਂ ਅਤੇ ਬਾਰਵ੍ਹੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹਣ ਸਬੰਧੀ ਜਾਰੀ ਹੋਈਆਂ ਹਦਾਇਤਾਂ ਬਾਰੇ ਦੱਸਦਿਆਂ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵੱਲੋਂ ਜ਼ਿਲ੍ਹੇ ਵਿੱਚ ਇੱਕ ਜ਼ਿਲ੍ਹਾ ਕੋਵਿਡ ਨੋਡਲ ਅਫ਼ਸਰ ਨਾਮਜ਼ਦ ਕੀਤਾ ਜਾਵੇਗਾ। ਸਮੂਹ ਸਕੂਲਾਂ ਵਿੱਚ ਸਮੁੱਚੇ ਟੀਚਿੰਗ/ਨਾਨ ਟੀਚਿੰਗ ਸਟਾਫ਼ ਦੇ ਅਤੇ ਟੀਕਾਕਰਣ ਦੀਆਂ ਹਦਾਇਤਾਂ ਅਨੁਸਾਰ ਯੋਗ ਵਿਦਿਆਰਥੀਆਂ ਦੇ ਟੀਕਾਕਰਣ ਦਾ ਭਰਪੂਰ ਉਪਰਾਲਾ ਕੀਤਾ ਜਾਵੇਗਾ। ਇਸ ਕਾਰਵਾਈ ਦੌਰਾਨ ਜੇਕਰ ਜ਼ਿਲ੍ਹੇ ਅੰਦਰ ਵੈਕਸੀਨ ਦੀ ਡੋਜ਼ਜ਼ ਦੀ ਕਿਸੇ ਤਰ੍ਹਾਂ ਦੀ ਕਮੀ ਸਾਹਮਣੇ ਆਉਂਦੀ ਹੈ ਤਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਇਸ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਨਾਲ ਤਲਮੇਲ ਕਰਕੇ ਮਸਲੇ ਦਾ ਹੱਲ ਕਰਵਾਉਣਾ ਯਕੀਨੀ ਬਣਾਉਣਗੇ।
ਕਿਉਂ ਜੋ ਕੋਵਿਡ ਮਹਾਂਮਾਰੀ ਦੇ ਪ੍ਰਕੋਪ ਤੋਂ ਹਾਲ ਦੀ ਘੜੀ ਅਵੇਸਲਾ ਨਹੀਂ ਹੋਇਆ ਜਾ ਸਕਦਾ, ਇਸ ਲਈ ਵਿਦਿਆਰਥੀਆਂ, ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਰੈਂਡਮ ਕੋਵਿਡ ਟੈਸਟਿੰਗ ਕਰਦੇ ਹੋਏ ਸਥਿਤੀ ਤੇ ਨਜ਼ਰ ਬਣਾਏ ਰੱਖਣੀ ਜਰੂਰੀ ਹੈ। ਉਨ੍ਹਾਂ ਦੱਸਿਆ ਕਿ ਸਾਰੇ ਖੋਲ੍ਹੇ ਜਾ ਰਹੇ ਸਕੂਲਾਂ ਵਿਖੇ ਹਰ ਰੋਜ਼ ਘੱਟੋ ਘੱਟ 100 ਵਿਦਿਆਰਥੀਆਂ ਪਿੱਛੇ ਇੱਕ ਵਿਦਿਆਰਥੀ ਦਾ ਕੋਵਿਡ ਟੈਸਟ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਵੀ ਜੇਕਰ ਕਿਸੇ ਸਕੂਲ ਵਿੱਚ ਹੋਰ ਵਿਦਿਆਰਥੀਆਂ ਦੀ ਕੋਵਿਡ ਟੈਸਟਿੰਗ ਦੀ ਲੋੜ ਪੈਂਦੀ ਹੈ ਤਾਂ ਲੋੜ ਅਨੁਸਾਰ ਹੋਰ ਟੈਸਟਿੰਗ ਵੀ ਕਰਵਾਈ ਜਾ ਸਕਦੀ ਹੈ।
ਇਸ ਮਕਸਦ ਲਈ ਜ਼ਿਲਿ੍ਹਆਂ ਵਿੱਚ ਨਾਮਜ਼ਦ ਕੋਵਿਡ ਨੋਡਲ ਅਫ਼ਸਰ ਤਾਲਮੇਲ ਕਰਦੇ ਹੋਏ ਸਮੁੱਚੀ ਕਾਰਵਾਈ ਨੇਪਰੇ ਚੜਾਉਣਗੇ। ਜਿਹੜੇ ਵਿਦਿਆਰਥੀਆਂ/ਸਟਾਫ਼ ਦੇ ਕੋਵਿਡ ਟੈਸਟ ਕਰਵਾਏ ਜਾਂਦੇ ਹਨ ਜਾਂ ਜੋ ਕੋਵਿਡ ਪਾਜ਼ੀਟਿਵ ਪਾਏ ਜਾਂਦੇ ਹਨ ਅਤੇ ਜਿੰਨ੍ਹਾਂ ਦਾ ਟੀਕਾਕਰਣ ਕਰਵਾਇਆ ਗਿਆ ਹੋਵੇ, ਉਨ੍ਹਾਂ ਦੀ ਗਿਣਤੀ/ਵੇਰਵਿਆਂ ਨੂੰ ਦਰਜ ਕਰਨ ਲਈ ਵਿਭਾਗ ਵੱਲੋਂ ਈ-ਪੰਜਾਬ ਪੋਰਟਲ ਤੋਂ ਸਕੂਲ ਲਾਗ-ਇਨ ਆਈ.ਡੀ. ਵਿੱਚ ਕੋਵਿਡ ਰਿਪੋਰਟ ਲਿੰਕ ਤਿਆਰ ਕੀਤਾ ਗਿਆ ਹੈ। ਸਮੂਹ ਸਕੂਲ ਮੁਖੀ ਪੋਰਟਲ ਉੱਪਰ ਸਬੰਧਤ ਵੇਰਵੇ ਹਰ ਰੋਜ਼ ਅਪਲੋਡ ਕਰਨੇ ਯਕੀਨੀ ਬਣਾਉਣਗੇ।
ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਸਕੂਲ ਵਿੱਚ ਕੋਵਿਡ ਨਾਲ ਪ੍ਰਭਾਵਿਤ ਵਿਦਿਆਰਥੀਆਂ/ਸਟਾਫ਼ ਦੀ ਗਿਣਤੀ ਵੱਧਣ ਕਾਰਣ ਸਕੂਲ ਬੰਦ ਕਰਨ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਮੁੱਖ ਦਫ਼ਤਰ ਵਿਖੇ ਸਹਾਇਕ ਡਾਇਰੈਕਟਰ (ਸੈ.ਸਿ) ਨੂੰ ਤੁਰੰਤ ਸੂਚਿਤ ਕਰਨਗੇ ਜਿੰਨ੍ਹਾਂ ਨੂੰ ਮੁੱਖ ਦਫ਼ਤਰ ਵਿਖੇ ਬਤੌਰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਸਮੂਹ ਸਕੂਲ ਜਿੰਨ੍ਹਾਂ ਵਿੱਚ ਕੋਵਿਡ ਕੇਅਰ ਸੈਂਟਰ ਖੋਲ੍ਹੇ ਗਏ ਹਨ, ਕੇ.ਜੀ.ਬੀ.ਵੀ. ਹੋਸਟਲ ਅਤੇ ਜਿੰਨ੍ਹਾਂ ਸਕੂਲਾਂ ਵਿੱਚ ਵਿਦਿਆਰਥੀ ਹੋਸਟਲ ਵਿੱਚ ਰਹਿੰਦੇ ਹਨ ਉਨ੍ਹਾਂ ਸਕੂਲਾਂ ਦੀ ਸਾਫ਼ ਸਫ਼ਾਈ ਅਤੇ ਸੈਨੇਟਾਈਜੇਸ਼ਨ ਕਰਵਾਉਣ ਉਪਰੰਤ ਹੀ ਹੋਸਟਲ ਖੋਲ੍ਹੇ ਜਾਣਗੇ।
ਉਨ੍ਹਾਂ ਦੱਸਿਆ ਕਿ ਉਪਰੋਕਤ ਤੋਂ ਇਲਾਵਾ ਸਮੂਹ ਲੋਕਾਂ ਨੂੰ ਮਸ਼ਵਰਾ ਦਿੱਤਾ ਜਾਂਦਾ ਹੈ ਕਿ ਕੋਵਿਡ ਵੈਕਸੀਨੇਸ਼ਨ ਦੀਆਂ ਖੁਰਾਕਾਂ ਤੁਰੰਤ ਲਗਵਾਈਆਂ ਜਾਣ ਤਾਂ ਜੋ ਹਰ ਵਿਅਕਤੀ ਕੋਵਿਡ ਤੋਂ ਸੁਰੱਖਿਅਤ ਹੋ ਸਕੇ। ਇਹ ਹੁਕਮ 10 ਅਗਸਤ, 2021 ਤੱਕ ਲਾਗੂ ਰਹਿਣਗੇ। ਉਨ੍ਹਾਂ ਦੱਸਿਆ ਕਿ ਉਪਰੋਕਤ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀਆਂ/ ਅਦਾਰਿਆਂ ਵਿਰੁੱਧ ਇੰਡੀਅਨ ਪੈਨਲ ਕੋਡ ਦੀ ਧਾਰਾ 188 ਅਤੇ ਡਿਜਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 51-60 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
