ਮੋਗਾ, 23 ਜੁਲਾਈ (ਅਮਜਦ ਖ਼ਾਨ) : ਡਿਪਟੀ ਡਾਇਰੈਕਟਰ ਪਸ਼ੂ ਪਾਲਣ ਮੋਗਾ ਡਾ. ਹਰਵੀਨ ਕੌਰ ਨੇ ਜ਼ਿਲ੍ਹਾ ਦੇ ਪਸ਼ੂ ਪਾਲਕਾਂ ਨਾਲ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਸ਼ੂਆਂ ਨੂੰ ਗਰਮੀ ਤੋਂ ਬਚਾਉਣ ਲਈ ਇਨ੍ਹਾਂ ਦਾ ਖਾਸ ਖਿਆਲ ਰੱਖਿਆ ਜਾਵੇ,ਉਨ੍ਹਾਂ ਦੱਸਿਆ ਕਿ ਗਰਮੀ ਦੀ ਰੁੱਤ ਵਿੱਚ ਤਾਪਮਾਨ ਵਧੇਰੇ ਹੋਣ ਕਰਕੇ ਹਰੇਕ ਪਸ਼ੂ ਉਪਰ ਤਣਾਅ ਦਾ ਪੱਧਰ ਵੱਧ ਜਾਂਦਾ ਹੈ, ਜਿਸ ਕਾਰਨ ਪਸ਼ੂਆਂ ਵਿੱਚ ਹੌਂਕਣ, ਗਰਮ ਸਰਦ ਹੋਣ, ਪਾਚਣ ਸ਼ਕਤੀ ਦਾ ਖਰਾਬ ਹੋਣਾ,ਦੁਧਾਰੂ ਪਸ਼ੂਆਂ ਦਾ ਦੁੱਧ ਘੱਟ ਹੋ ਜਣਾ, ਹੀਟ ਵਿੱਚ ਨਾ ਆਉਣਾ, ਦੌਰੇ ਪੈਣਾ, ਲੰਗੜਾ ਬੁਖਾਰ, ਗਰਭਧਾਰਨ ਨਾ ਕਰਨਾ, ਲਹੂ ਮੂਤਣਾ ਆਦਿ ਬਿਮਾਰੀਆਂ ਦੇ ਲੱਛਣ ਪਾਏ ਜਾਂਦੇ ਹਨ,ਉਨ੍ਹਾਂ ਦੱਸਿਆ ਕਿ ਇਸ ਮੌਸਮ ਵਿੱਚ ਪਸ਼ੂਆਂ ਵਿੱਚ ਹਰ ਤਰਾਂ ਦੇ ਕੀਟਾਣੂ, ਵਿਸ਼ਾਣੂ, ਪਰਜੀਵੀ ਅੰਦਰਲੇ ਕਿਰਮ, ਚਿੱਚੜ, ਜੂਆਂ ਵਿੱਚ ਬੇਹਿਸਾਬਾ ਵਾਧਾ ਹੁੰਦਾ ਹੈ ਅਤੇ ਇਹ ਜਾਨਵਰਾਂ ਵਿੱਚ ਬਿਮਾਰੀਆਂ ਦੇ ਫੈਲਣ ਦਾ ਕਾਰਣ ਬਣਦੇ ਹਨ।
ਡਾ. ਹਰਵੀਨ ਕੌਰ ਨੇ ਦੱਸਿਆ ਕਿ ਪਸ਼ੂਆਂ ਨੂੰ ਇਨ੍ਹਾਂ ਬਿਮਾਰੀਆਂ ਤੋਂ ਸੁਰੱਖਿਅਤ ਰੱਖਣ ਲਈ ਇਨ੍ਹਾਂ ਨੂੰ ਹਵਾਦਾਰ ਅਤੇ ਛਾਂਦਾਰ ਜਗਾਂ ਤੇ ਰੱਖਣਾ ਹੁੰਦਾ ਹੈ,ਹਰ ਰੋਜ਼ ਇੱਕ ਜਾਂ ਦੋ ਵਾਰ ਨਹਾਉਣਾ ਅਤੇ ਦਿਨ ਵਿੱਚ ਤਿੰਨ ਵਾਰ ਪਾਣੀ ਪਿਆਉਣਾ ਚਾਹੀਦਾ ਹੈ,ਖੁਰਲੀ ਵਿੱਚ ਕਾਲੇ ਨਮਕ ਦੀ ਇੱਟ ਜਰੂਰ ਰੱਖਣੀ ਚਾਹੀਦੀ ਹੈ,ਪਸ਼ੂਆਂ ਨੂੰ ਵੈਕਸੀਨ ਮਲੱਪਾਂ ਦੀ ਦਵਾਈ ਸਮੇਂ ਸਮੇਂ ਤੇ ਦੇਣੀ ਚਾਹੀਦੀ ਹੇੈ,ਉਨ੍ਹਾਂ ਅੱਗ ਦੱਸਿਆ ਕਿ ਜਾਨਵਰਾਂ ਦੀ ਖੁਰਾਕ ਦਾ ਇਸ ਗਰਮੀ ਵਿੱਚ ਖਾਸ ਧਿਆਨ ਰੱਖਣਾ ਚਾਹੀਦਾ ਹੈ,ਔੜ ਵਾਲੇ ਅਤੇ ਜਿਆਦਾ ਪੱਕੇ ਹੋਏ ਹਰੇ ਪੱਠੇ ਗਰਮੀ ਵਿੱਚ ਪਸ਼ੂਆਂ ਲਈ ਬਦਹਜ਼ਮੀ ਜਾਂ ਹੋਰ ਬਿਮਾਰੀਆਂ ਦਾ ਕਾਰਣ ਬਣ ਸਕਦੇ ਹਨ,ਅਨਾਜ਼/ਰੋਟੀਆਂ ਜਿਆਦਾ ਮਾਤਰਾ ਵਿੱਚ ਪਸੂ ਵਿੱਚ ਤੇਜ਼ਾਬੀ ਮਾਦਾ ਪੈਦਾ ਕਰਦੇ ਹਨ, ਮਨਸੂਈ ਗਰਭਦਾਨ ਹਮੇਸ਼ਾ ਸਰਕਾਰੀ ਸੰਸਥਾ ਤੋਂ ਹੀ ਕਰਵਾਇਆ ਜਾਵੇ।
ਪਸੂ ਦੇ ਸ਼ੈਡਾਂ ਦੀ ਸਫ਼ਾਈ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ,ਉਨ੍ਹਾਂ ਦੱਸਿਆ ਕਿ ਪਸ਼ੁਆਂ ਵਿੱਚ ਕਿਸੇ ਵੀ ਬਿਮਾਰੀ ਦੇ ਲੱਛਣ ਦਿਸਣ ਤੇ ਨੇੜੇ ਦੇ ਸਰਕਾਰੀ ਪਸ਼ੂ ਹਸਪਤਾਲ ਵਿੱਚ ਹੀ ਇਸਦਾ ਚੈੱਕਅੱਪ ਕਰਵਾਓ,ਚਿੱਚੜ ਅਤੇ ਜੂਆਂ ਦਾ ਇਲਾਜ ਵੀ ਵੈਟਨਰੀ ਡਾਕਟਰ ਦੀ ਦੇਖਰਾਖ ਵਿੱਚ ਹੀ ਕਰਵਾਇਆ ਜਾਵੇ,ਅਖੀਰ ਡਾ. ਹਰਵੀਨ ਕੌਰ ਨੇ ਜ਼ਿਲ੍ਹਾ ਦੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਗਰਮੀ ਵਿੱਚ ਆਪਣੇ ਪਸ਼ੂਆਂ ਦਾ ਖਾਸ ਧਿਆਨ ਰੱਖਿਆ ਜਾਵੇ ਅਤੇ ਸਮੇਂ ਸਮੇਂ ਸਿਰ ਪਸ਼ੂ ਦਾ ਡਾਕਟਰੀ ਮੁਆਇੰਨਾ ਵੀ ਨੇੜੇ ਦੇ ਸਰਕਾਰੀ ਪਸ਼ੂ ਹਸਪਤਾਲ ਵਿੱਚੋਂ ਲਾਜ਼ਮੀ ਕਰਵਾਇਆ ਜਾਵੇ।
