
ਮੋਗਾ, 3 ਜੁਲਾਈ (ਅਮਜਦ ਖਾਨ/ਵਿਸ਼ਵਦੀਪ ਕਟਾਰੀਆ) : ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਜ਼ਿਲ੍ਹਾ ਮੋਗਾ ਦੀ ਮੀਟਿੰਗ ਬੀਬੀ ਕਾਹਨ ਕੌਰ ਦੇ ਗੁਰਦੁਆਰਾ ਸਾਹਿਬ ਵਿਚ ਕੀਤੀ ਗਈ,ਪੰਜਾਂ ਬਲਾਕਾਂ ਦੇ ਪਿੰਡਾਂ ਨੇ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ,ਜ਼ਿਲ੍ਹਾ ਪ੍ਰਧਾਨ ਟਹਿਲ ਸਿੰਘ ਝੰਡੇਆਣਾ ਨੇ ਦੱਸਿਆ ਕਿ ਅੱਜ ਬਿਜਲੀ ਸੰਕਟ ਤੇ ਮੀਟਿੰਗ ਕੀਤੀ ਜਾ ਰਹੀ,ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜਨਰਲ ਸਕੱਤਰ ਬਲਦੇਵ ਸਿੰਘ ਜੀਰਾ ਅਤੇ ਲੋਕ ਸੰਗਰਾਮ ਮੋਰਚਾ ਦੇ ਸੂਬਾ ਪ੍ਰਧਾਨ ਤਾਰਾ ਸਿੰਘ ਮੋਗਾ ਵਿਸੇਸ ਤੌਰ ਤੇ ਮੀਟਿੰਗ ਵਿਚ ਆਏ। ਬਲਦੇਵ ਸਿੰਘ ਜੀਰਾ ਨੇ ਬਿਜਲੀ ਸੰਕਟ ਬਾਰੇ ਵਿਚਾਰ ਪੇਸ਼ ਕੀਤੇ,ਉਸ ਨੇ ਦੱਸਿਆ ਬਿਜਲੀ ਸੰਕਟ ਦੀਆਂ ਜੜ੍ਹਾਂ ਅਕਾਲੀ ਕਾਂਗਰਸੀ ਸਰਕਾਰ ਵੱਲੋਂ ਲਿਆਂਦੀਆਂ ਨੀਤੀਆਂ ਅਤੇ ਕੀਤੇ ਸਮਝੌਤਿਆਂ ਵਿਚ ਪਈਆਂ ਹਨ।
ਬਾਦਲ ਸਰਕਾਰ ਨੇ ਪ੍ਰਾਈਵੇਟ ਥਰਮਲਾਂ ਦੇ ਨਾਲ ਪੱਚੀ ਸਾਲਾਂ ਲਈ ਸਮਝੌਤੇ ਕੀਤੇ,ਭਾਵੇਂ ਥਰਮਲ ਪਲਾਂਟ ਬੰਦ ਰਹਿਣ ਫਿਰ ਵੀ ਫਿਕਸਡ ਚਾਰਜਿਜ਼ ਤਹਿਤ ਅਦਾਇਗੀਆਂ ਜਾਰੀ ਰਹਿੰਦੀਆਂ ਹਨ,ਤਲਵੰਡੀ ਸਾਬੋ ਥਰਮਲ ਪਲਾਂਟ 71 ਦਿਨ ਅਤੇ ਰਾਜਪੁਰਾ ਥਰਮਲ ਪਲਾਂਟ 55 ਦਿਨ ਲਗਾਤਾਰ ਬੰਦ ਰਹਿੰਦਾ ਹੈ,ਸਮਝੌਤਿਆਂ ਵਿਚ ਅਜਿਹੀ ਕੋਈ ਮੱਦ ਨਹੀਂ ਕਿ ਬੰਦ ਹੋਣ ਤੇ ਥਰਮਲਾਂ ਦੇ ਪੈਸੇ ਕੱਟੇ ਜਾਣਗੇ,ਸਮਝੌਤੇ ਇਸ ਤਰ੍ਹਾਂ ਕਲਮਬੰਦ ਹਨ ਕਿ ਕੋਰਟ ਦਾ ਦਰਵਾਜ਼ਾ ਵੀ ਨਹੀਂ ਖੜਕਾਇਆ ਜਾ ਸਕਦਾ,ਸਾਰੀਆਂ ਸਰਕਾਰਾਂ ਸਰਕਾਰੀ ਥਰਮਲ ਪਲਾਂਟਾਂ ਨੂੰ ਬੰਦ ਕਰਨ ਲੱਗੀਆਂ ਹੋਈਆਂ ਹਨ,ਬਠਿੰਡੇ ਦਾ ਥਰਮਲ ਪਲਾਂਟ ਢਾਹ ਕੇ ਜ਼ਮੀਨ ਸੇਲ ਕਰਨ ਦੀ ਤਿਆਰੀ ਵਿੱਚ ਹੈ ਸਰਕਾਰ,ਲਹਿਰਾ ਮੁਹੱਬਤ ਥਰਮਲ ਪਲਾਂਟ ਵੀ ਵੇਚਣ ਲਈ ਸਰਕਾਰ ਤਿਆਰ ਬੈਠੀ ਹੈ।
ਲੋਕ ਸੰਗਰਾਮ ਮੋਰਚਾ ਦੇ ਸੂਬਾ ਪ੍ਰਧਾਨ ਤਾਰਾ ਸਿੰਘ ਮੋਗਾ ਨੇ ਕਿਹਾ ਕਿ ਬਿਜਲੀ ਸਬੰਧੀ ਨੀਤੀ ਸਰਕਾਰਾਂ ਦੀ ਲੋਕ ਪੱਖੀ ਨਹੀਂ,ਪਣ ਬਿਜਲੀ. ਪੌਣ ਬਿਜਲੀ ਸੂਰਜੀ ਬਿਜਲੀ ਅਤੇ ਗੋਹੇ ਤੋਂ ਬਿਜਲੀ ਪੈਦਾ ਕਰਕੇ ਸੰਕਟ ਹੱਲ ਕੀਤਾ ਜਾ ਸਕਦਾ ਹੈ,ਭਾਰਤੀ ਹਾਕਮ ਕਾਰਪੋਰੇਟਾਂ ਦੇ ਥੱਲੇ ਲੱਗੇ ਹੋਏ ਹਨ ਅਤੇ ਉਨ੍ਹਾਂ ਨੂੰ ਮੁਨਾਫੇ ਦੇ ਰਹੇ ਹਨ,ਜ਼ਿਲ੍ਹਾ ਪ੍ਰਧਾਨ ਟਹਿਲ ਸਿੰਘ ਝੰਡੇਆਣਾ ਨੇ ਦੱਸਿਆ ਕਿ ਪੰਜ ਜੁਲਾਈ ਨੂੰ ਬਿਜਲੀ ਹੈੱਡਕੁਆਰਟਰ ਪਟਿਆਲਾ ਦਾ ਘਿਰਾਓ ਕੀਤਾ ਜਾ ਰਿਹਾ ਹੈ,ਮੋਗੇ ਜ਼ਿਲ੍ਹੇ ਦੇ ਹਰ ਪਿੰਡ ਵਿੱਚੋਂ ਸਾਧਨ ਲੈ ਕੇ ਲੋਕੀਂ ਪਟਿਆਲਾ ਪੁੱਜਣ,ਮੀਟਿੰਗ ਵਿੱਚ ਪਟਿਆਲਾ ਜਾਣ ਦੀ ਯੋਜਨਾਬੰਦੀ ਕੀਤੀ ਗਈ।
